ਅਸੀਂ ਕਈ ਵਾਰ ਸੋਚਦੇ ਹਾਂ ਕਿ ਬਚਪਨ ਕਿੰਨਾ ਚੰਗਾ ਸੀ। ਹਰ ਕੋਈ ਸਕੂਲ ਜਾਣ ਅਤੇ ਦੋਸਤਾਂ ਨਾਲ ਮਸਤੀ ਕਰਨ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦਾ ਹੈ, ਪਰ ਕਲਪਨਾ ਕਰੋ ਕਿ ਜੇ ਅਸੀਂ ਮੱਧ ਵਰਗ ਉਮਰ ਵਿੱਚ ਬਚਪਨ ਵਰਗਾ ਵਿਵਹਾਰ ਕਰੀਏ ਤਾਂ ਕਿਵੇਂ ਦਾ ਮਹਿਸੂਸ ਹੋਵੇਗਾ? ਦਰਅਸਲ ਅਜਿਹਾ ਹੀ ਕੁੱਝ ਅਮਰੀਕਾ ਦੇ ਟੈਕਸਾਸ ਵਿੱਚ ਰਹਿੰਦੇ ਇੱਕ ਵਿਅਕਤੀ ਨਾਲ ਹੋਇਆ ਹੈ। ਅਮਰੀਕਾ ਦੇ ਇੱਕ 37 ਸਾਲਾ ਵਿਅਕਤੀ ਦੀ ਸੁੱਤੇ ਪਇਆਂ ਯਾਦਦਾਸ਼ਤ ਚਲੀ ਗਈ। ਇਹ ਘਟਨਾ ਹੇਅਰਿੰਗ ਸਪੈਸ਼ਲਿਸਟ ਅਤੇ ਇੱਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਡੈਨੀਅਲ ਰਾਤ ਨੂੰ ਆਮ ਵਾਂਗ ਸੁੱਤਾ ਸੀ। ਪਰ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਨਾ ਤਾਂ ਅਪਣੀ ਪਤਨੀ ਨੂੰ ਪਛਾਣਿਆ ‘ਤੇ ਨਾ ਹੀ ਆਪਣੀ ਬੇਟੀ ਨੂੰ। ਫਿਰ ਉਸ ਨੇ ਦਫ਼ਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ, ਕਿਉਂਕਿ ਉਸ ਦੀ ਯਾਦਦਾਸ਼ਤ 20 ਸਾਲ ਪਿੱਛੇ ਜਾ ਚੁੱਕੀ ਸੀ।
ਡੈਨੀਅਲ ਅਪਣੇ ਆਪ ਨੂੰ ਇੱਕ ਹਾਈ ਸਕੂਲ ਦਾ ਵਿਦਿਆਰਥੀ ਸਮਝਣ ਲਗਿਆ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਆਪਣੀ ਪਤਨੀ ਅਜਨਬੀ ਲੱਗੀ। ਉਹ ਅਜੀਬ ਹਰਕਤਾਂ ਕਰਨ ਲੱਗਾ। ਉਸ ਨੂੰ ਲਗਿਆ ਕਿ ਅਜਨਬੀ ਔਰਤ ਨੇ ਉਸ ਨੂੰ ਅਗ਼ਵਾ ਕੀਤਾ ਹੈ। ਜਦੋਂ ਉਸ ਨੇ ਅਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਿਆ ਤਾਂ ਉਹ ਵਿਸ਼ਵਾਸ ਨਹੀਂ ਕਰ ਸਕਿਆ ਕਿ ਉਹ 17 ਸਾਲਾਂ ਦੀ ਉਮਰ ‘ਚ ਇੰਨੀ ਚਰਬੀ ਵਾਲਾ ਬੰਦਾ ਕਿਵੇਂ ਹੋ ਸਕਦਾ ਹੈ ? ਉਸ ਦੀ ਪਤਨੀ ਰੂਥ ਅਤੇ 10 ਸਾਲ ਦੀ ਬੇਟੀ ਨੇ ਉਸ ਨੂੰ ਅਪਣੇ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਯਾਦ ਨਾ ਕਰ ਸਕਿਆ।
ਵਿਅਕਤੀ ਨੇ ਆਪਣੇ ਮਾਪਿਆਂ ਦੇ ਘਰ ਜਾ ਰਹਿਣਾ ਸ਼ੁਰੂ ਕਰ ਦਿਤਾ ਅਤੇ ਇੱਕ ਸਾਲ ਬਾਅਦ ਵੀ ਯਾਦਦਾਸ਼ਤ ਵਾਪਸ ਨਾ ਆਈ। ਉਸ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਪਹਿਲਾਂ ਡਾਕਟਰਾਂ ਨੇ ਇਸ ਨੂੰ ਸ਼ਾਰਟ ਟਰਮ ਮੈਮੋਰੀ ਲੋਸ ਦਾ ਨਾਮ ਦਿਤਾ ਸੀ ਅਤੇ ਕਿਹਾ ਸੀ ਕਿ ਉਸ ਦੀ 24 ਘੰਟਿਆਂ ‘ਚ ਯਾਦਾਸ਼ਤ ਵਾਪਿਸ ਆ ਜਾਵੇਗੀ। ਪਰ ਹੁਣ ਇੱਕ ਸਾਲ ਬੀਤ ਗਿਆ ਹੈ, ਪਰ ਡੈਨੀਅਲ ਨੂੰ ਕੁੱਝ ਵੀ ਯਾਦ ਨਹੀਂ ਆ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਡੈਨੀਅਲ ਦੀ ਯਾਦਦਾਸ਼ਤ ਭਾਵਨਾਤਮਕ ਤਣਾਅ ਕਾਰਨ ਖ਼ਤਮ ਹੋ ਸਕਦੀ ਹੈ। ਕਿਉਂਕ ਜਨਵਰੀ 2020 ਤੋਂ, ਉਸਦੀ ਜ਼ਿੰਦਗੀ ਉਥਲ -ਪੁਥਲ ਨਾਲ ਭਰੀ ਹੋਈ ਹੈ। ਉਸਨੇ ਆਪਣੀ ਨੌਕਰੀ ਗੁਆ ਦਿੱਤੀ ਸੀ, ਘਰ ਵੇਚਣਾ ਪਿਆ ਅਤੇ ਸਲਿੱਪ ਡਿਸਕ ਨਾਲ ਵੀ ਜੂਝਣਾ ਪਿਆ। ਡਾਕਟਰਾਂ ਦਾ ਕਹਿਣਾ ਹੈ ਕਿ ਡੂੰਘੇ ਸਦਮੇ ਕਾਰਨ ਉਸਦਾ ਦਿਮਾਗ ਅਤੀਤ ਵਿੱਚ ਹੋਇਆ ਸਭ ਕੁੱਝ ਭੁੱਲ ਗਿਆ ਹੈ। ਹਾਲਾਂਕਿ, ਜ਼ਿੰਦਗੀ ਦੇ ਸਿਰਫ 20 ਸਾਲਾਂ ਨੂੰ ਭੁੱਲਣਾ ਡਾਕਟਰਾਂ ਲਈ ਵੀ ਇੱਕ ਬੁਝਾਰਤ ਬਣਿਆ ਹੋਇਆ ਹੈ।