ਇਸ ਮਹੀਨੇ ਦੇ ਸ਼ੁਰੂ ਵਿੱਚ ਵੈਸਟ ਆਕਲੈਂਡ ਦੀ ਇੱਕ ਡੇਅਰੀ ਵਿੱਚ ਦੋ ਲੋਕਾਂ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਪਰ ਹੁਣ ਖਬਰ ਸਾਹਮਣੇ ਆਈ ਹੈ ਕਿ ਪੁਲਿਸ ਹਿਰਾਸਤ ਦੌਰਾਨ ਉਸਦੀ ਮੌਤ ਹੋ ਗਈ ਹੈ। 5 ਅਕਤੂਬਰ ਨੂੰ ਨਿਊ ਵਿੰਡਸਰ ਵਿੱਚ ਇੱਕ ਡੇਅਰੀ ਦੇ ਮਾਲਕ ਜੋੜੇ ‘ਤੇ ਹੋਏ ਹਮਲੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ। ਇਸ ਮਗਰੋਂ ਮਿਸ਼ੇਲ ਲੈਮ ਨਾਮ ਦੇ 24 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋ ਦੋਸ਼ ਲਗਾਏ ਗਏ ਸੀ ਅਤੇ ਅੱਜ ਉਸ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।
ਲਾਮ ਦੇ ਵਕੀਲ ਬੇਨ ਬੋਸਮਵਰਥ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ ਅਤੇ ਉਹ ਦੋਸ਼ ਵਾਪਿਸ ਲੈਣ ਬਾਰੇ ਕਰਾਊਨ ਲਾਅ ਨਾਲ ਗੱਲ ਕਰ ਰਹੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ, ਪੁਲਿਸ ਨੇ ਕਿਹਾ ਕਿ ਹਮਲੇ ਦੇ ਸਮੇਂ ਬਹੁਤ ਸਾਰੇ ਲੋਕ ਦੁਕਾਨ ਵਿੱਚ ਸਨ ਅਤੇ ਉਹ ਦਖਲ ਦੇਣ ਅਤੇ ਅਪਰਾਧੀ ਨੂੰ ਰੋਕਣ ਵਿੱਚ ਕਾਮਯਾਬ ਰਹੇ ਸਨ। ਰਿਪੋਰਟਾਂ ਅਨੁਸਾਰ ਮਿਸ਼ਲ ਇਲੈਕਟ੍ਰੋਨਿਕ ਬੇਲ ‘ਤੇ ਬਾਹਰ ਆਇਆ ਸੀ ਪਰ ਘਟਨਾ ਤੋਂ ਪਹਿਲਾ ਉਸਨੇ ਆਪਣਾ ਇਲੈਕਟ੍ਰੋਨਿਕ ਬ੍ਰੈਸਲੇਟ ਉਤਾਰ ਦਿੱਤਾ ਸੀ।