ਆਕਲੈਂਡ ਸ਼ਹਿਰ ‘ਚ 50 ਤੋਂ ਵੱਧ ਚਾਕਲੇਟ ਬਾਰਾਂ ਦੀ ਚੋਰੀ ਦੇ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਇਕ ਪੁਰਾਣੀ ਘਟਨਾ ਨਾਲ ਸਬੰਧਿਤ ਹੈ, ਜਦੋਂ ਸ਼ਹਿਰ ਦੀ ਇੱਕ ਦੁਕਾਨ ‘ਤੇ ਚੋਰੀ ਦੀ ਚਾਕਲੇਟ ਵੇਚਣ ਦਾ ਪਤਾ ਲੱਗਾ ਸੀ। ਇੰਸਪੈਕਟਰ ਡੇਵ ਕ੍ਰਿਸਟੋਫਰਸਨ ਨੇ ਕਿਹਾ ਕਿ ਇੱਕ ਆਫ-ਡਿਊਟੀ ਅਧਿਕਾਰੀ ਨੇ ਬੁੱਧਵਾਰ ਰਾਤ ਨੂੰ ਵਿਅਕਤੀ ਨੂੰ ਪਛਾਣ ਲਿਆ ਸੀ। ਅਫਸਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ‘ਤੇ ਦੁਕਾਨ ਤੋਂ ਚੋਰੀ ਕਰਨ ਅਤੇ ਫਰਾਰ ਹੋਣ ਦੇ ਨਾਲ-ਨਾਲ ਇਸ ਘਟਨਾ ਨਾਲ ਸਬੰਧਿਤ ਹੋਰ ਦੋਸ਼ ਵੀ ਲਗਾਏ ਗਏ ਹਨ।
38 ਸਾਲਾ ਵਿਅਕਤੀ ਵੀਰਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ। ਕ੍ਰਿਸਟੋਫਰਸਨ ਨੇ ਕਿਹਾ ਕਿ ਹਾਲ ਹੀ ਵਿੱਚ ਸ਼ਹਿਰ ਵਿੱਚ ਪ੍ਰਚੂਨ ਅਪਰਾਧਾਂ ਲਈ ਲਗਾਏ ਗਏ ਸੈਂਕੜੇ ਦੋਸ਼ਾਂ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਬਹੁਤ ਘੱਟ ਕੀਮਤ ‘ਤੇ ਵੇਚਿਆ ਜਾਣ ਵਾਲਾ ਸਮਾਨ ਚੋਰੀ ਕੀਤਾ ਹੋ ਸਕਦਾ ਹੈ। ਕ੍ਰਿਸਟੋਫਰਸਨ ਨੇ ਕਿਹਾ ਕਿ “ਸਾਡੀਆਂ ਟੀਮਾਂ ਸ਼ੁਰੂਆਤੀ ਅਪਰਾਧ ਲਈ ਦੋਸ਼ ਲਗਾਉਣਾ ਜਾਰੀ ਰੱਖ ਰਹੀਆਂ ਹਨ, ਪਰ ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਇਹ ਚੀਜ਼ਾਂ ਕਿੱਥੇ ਵੰਡੀਆਂ ਜਾ ਰਹੀਆਂ ਹਨ। ” ਪੁਲਿਸ ਨੇ ਕਿਹਾ ਕਿ ਕੋਈ ਵੀ ਚੋਰੀ ਦੀ ਜਾਇਦਾਦ ਨੂੰ ਖਰੀਦਣ ਜਾਂ ਵੇਚਣ ਲਈ ਸੰਪਰਕ ਕਰੇ ਤਾਂ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।