ਅਪਰ ਹੱਟ ਵਿੱਚ ਇੱਕ 24 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਪੈਟਰੋਲ ਚੋਰੀ ਕਰਨ, ਘੰਟਿਆਂ ਤੱਕ ਪੁਲਿਸ ਤੋਂ ਬਚਣ ਅਤੇ ਕਾਰਜੈਕ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਸ਼ਾਮ 4.30 ਵਜੇ ਦੇ ਕਰੀਬ ਪਾਹੀਆਟੂਆ (Pahiatua ) ਦੇ ਇੱਕ ਪੈਟਰੋਲ ਸਟੇਸ਼ਨ ਤੋਂ ਬਿਨਾਂ ਪੈਟਰੋਲ ਦਾ ਭੁਗਤਾਨ ਕੀਤੇ ਭੱਜ ਗਿਆ ਸੀ। ਪੁਲਿਸ ਨੇ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਪੁਲਿਸ ਰੋਕਣ ‘ਚ ਅਸਫਲ ਰਹੀ ਸੀ। ਇਸ ਤੋਂ ਬਾਅਦ ਉਸਦੀ ਕਾਰ ਦੀ ਇੱਕ ਹੋਰ ਕਾਰ ਨਾਲ ਟੱਕਰ ਹੋਈ ਹੈ ਤੇ ਪੁਲਿਸ ਮੁਤਾਬਿਕ ਡਰਾਈਵਰ ਪੈਦਲ ਹੀ ਭੱਜਣ ਲੱਗਾ ਫਿਰ ਕਥਿਤ ਤੌਰ ‘ਤੇ ਟੈਜ਼ਰ ਕੀਤੇ ਜਾਣ ਤੋਂ ਪਹਿਲਾਂ ਉਸ ਨੇ ਇੱਕ ਹੋਰ ਵਾਹਨ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਇਸ ਮਗਰੋਂ ਪਿੱਛਾ ਕਰ ਰਹੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਇੱਕ ਬੁਲਾਰੇ ਨੇ ਕਿਹਾ ਕਿ ਇਹ ਵਿਅਕਤੀ ਖਤਰਨਾਕ ਡਰਾਈਵਿੰਗ ਦੇ ਦੋਸ਼ ‘ਚ ਭਲਕੇ ਹੱਟ ਵੈਲੀ ਜ਼ਿਲਾ ਅਦਾਲਤ ‘ਚ ਪੇਸ਼ ਹੋਵੇਗਾ।
