ਬੇਂਗਲੁਰੂ ਜਾ ਰਹੀ ਰੇਲਗੱਡੀ ਦੇ ਪੰਜ ਡੱਬੇ ਸ਼ੁੱਕਰਵਾਰ ਨੂੰ ਇੱਥੇ ਪੱਥਰ ਡਿੱਗਣ ਤੋਂ ਬਾਅਦ ਪਟੜੀ ਤੋਂ ਉਤਰ ਗਏ ਪਰ ਸਾਰੇ 2000 ਯਾਤਰੀ ਸੁਰੱਖਿਅਤ ਹਨ ਅਤੇ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਕੰਨੂਰ-ਬੈਂਗਲੁਰੂ ਐਕਸਪ੍ਰੈਸ ਦੇ ਪੰਜ ਡੱਬੇ ਅੱਜ ਤੜਕੇ 3.50 ਵਜੇ ਦੇ ਕਰੀਬ ਪਟੜੀ ਤੋਂ ਉਤਰ ਗਏ। ਇਹ ਹਾਦਸਾ ਬੇਂਗਲੁਰੂ ਡਿਵੀਜ਼ਨ ਦੇ ਟੋਪਪੁਰੂ-ਸਿਵਡੀ ‘ਚ ਪਹਾੜ ਤੋਂ ਵੱਡੇ ਪੱਥਰ ਡਿੱਗਣ ਕਾਰਨ ਵਾਪਰਿਆ ਹੈ।
ਦੱਖਣੀ ਪੱਛਮੀ ਰੇਲਵੇ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਟਰੇਨ ‘ਚ 2,348 ਯਾਤਰੀ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਕੰਨੂਰ-ਬੈਂਗਲੁਰੂ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਤੋਂ ਬਾਅਦ, ਇਸ ਰੂਟ ਤੋਂ ਲੰਘਣ ਵਾਲੀਆਂ ਕੁੱਝ ਟਰੇਨਾਂ ਨੂੰ ਮੋੜ ਦਿੱਤਾ ਗਿਆ ਹੈ। ਟਰੇਨ ਕੱਲ ਸ਼ਾਮ ਕਰੀਬ 6 ਵਜੇ ਕੰਨੂਰ ਤੋਂ ਰਵਾਨਾ ਹੋਈ ਸੀ।
ਦੱਖਣੀ ਪੱਛਮੀ ਰੇਲਵੇ ਮੁਤਾਬਿਕ ਇਹ ਹਾਦਸਾ ਸਵੇਰੇ 3.50 ਵਜੇ ਵਾਪਰਿਆ। ਟੋਪਪੁਰੂ-ਸਿਵਡੀ ਘਾਟ ਸੈਕਸ਼ਨ ‘ਤੇ ਕੁੱਝ ਪੱਥਰ ਅਚਾਨਕ ਡਿੱਗ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਡੱਬਿਆਂ ਨੂੰ ਕੱਢਣ ਲਈ ਟਰੈਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਿਉਂਕਿ ਹਾਦਸਾ ਤੜਕੇ 3.50 ਵਜੇ ਦੇ ਕਰੀਬ ਵਾਪਰਿਆ, ਉਸ ਸਮੇਂ ਟਰੇਨ ‘ਚ ਲੋਕ ਸੁੱਤੇ ਹੋਏ ਸਨ। ਟਰੇਨ ‘ਚ ਮੌਜੂਦ ਯਾਤਰੀਆਂ ਮੁਤਾਬਿਕ ਹਾਦਸੇ ਦੌਰਾਨ ਟਰੇਨ ‘ਤੇ ਵੱਡੇ-ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਇੱਕ ਵਾਰ ਤਾਂ ਇੰਝ ਲੱਗਾ ਜਿਵੇਂ ਕੋਈ ਧਮਾਕਾ ਹੋ ਗਿਆ ਹੋਵੇ।