ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੇ 14 ਮੰਤਰੀਆਂ ਵਿੱਚੋਂ 5 ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਹੈ। ਜਿਨ੍ਹਾਂ ਪੰਜ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ, ਉਨ੍ਹਾਂ ਵਿੱਚ ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੋੜੇਮਾਜਰਾ ਅਤੇ ਅਨਮੋਲ ਗਗਨ ਮਾਨ ਸ਼ਾਮਿਲ ਹਨ। ਇਸ ਫੇਰਬਦਲ ਵਿੱਚ ਅਮਨ ਅਰੋੜਾ ਤੋਂ ਦੋ ਵੱਡੇ ਵਿਭਾਗ ਵਾਪਿਸ ਲੈ ਲਏ ਗਏ ਹਨ।
ਮੁੱਖ ਮੰਤਰੀ ਨੇ ਉਨ੍ਹਾਂ ਤੋਂ ਲੋਕਲ ਬਾਡੀਜ਼ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਾਪਿਸ ਲੈ ਕੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਸੁਧਾਰਾਂ ਦਾ ਵਿਭਾਗ ਦੇ ਦਿੱਤਾ ਹੈ। ਹੁਣ ਤੱਕ ਇਹ ਵਿਭਾਗ ਮੀਤ ਹੇਅਰ ਕੋਲ ਸੀ। ਅਮਨ ਅਰੋੜਾ ਕੋਲ ਹੁਣ ਕੁੱਲ ਚਾਰ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ। ਅਰੋੜਾ ਤੋਂ ਸੂਚਨਾ ਤੇ ਲੋਕ ਸੰਪਰਕ (ਪੀ.ਆਰ.) ਵਿਭਾਗ ਵਾਪਿਸ ਲੈ ਕੇ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤਾ ਗਿਆ ਹੈ, ਜਦਕਿ ਜੋੜਾਮਾਜਰਾ ਤੋਂ ਫੂਡ ਪ੍ਰੋਸੈਸਿੰਗ ਵਿਭਾਗ ਲਾਲਜੀਤ ਸਿੰਘ ਭੁੱਲਰ ਨੂੰ ਸੌਂਪਿਆ ਗਿਆ ਹੈ।