ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਆਪਰੇਸ਼ਨ ਲੋਟਸ’ ਤਹਿਤ ‘ਆਪ’ ਵਿਧਾਇਕਾਂ ਵੱਲੋਂ ਮੋਹਾਲੀ ਥਾਣੇ ‘ਚ ਦਰਜ ਕਰਵਾਈ ਗਈ ਐੱਫ.ਆਈ.ਆਰ. ਲੋਕਾਂ ਸਾਹਮਣੇ ਰੱਖੀ ਹੈ। ਉਨ੍ਹਾਂ ਐਫਆਈਆਰ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਮਜੀਠੀਆ ਨੇ ਕਿਹਾ ਕਿ ‘ਆਪ’ ਨੇ ਭਾਜਪਾ ‘ਤੇ ਕੁੱਲ 34 ਵਿਧਾਇਕਾਂ ਨੂੰ ਧਮਕਾਉਣ ਅਤੇ ਖਰੀਦਣ ਦਾ ਦੋਸ਼ ਲਗਾਇਆ ਸੀ, ਪਰ ਸਿਰਫ਼ 10 ਵਿਧਾਇਕਾਂ ਨੇ ਹੀ ਐੱਫ.ਆਈ.ਆਰ. ਦਰਜ ਕਰਵਾਈ ਹੈ।
ਇੰਨਾ ਹੀ ਨਹੀਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨਾਲ ਵੀ ਸੰਪਰਕ ਕਰਨ ਦੀ ਗੱਲ ਕਹੀ ਗਈ ਸੀ ਪਰ ਉਹ ਵੀ ਐਫਆਈਆਰ ਵਿੱਚ ਸ਼ਿਕਾਇਤਕਰਤਾ ਨਹੀਂ ਬਣੇ। ਮਜੀਠੀਆ ਨੇ ਕਿਹਾ ਕਿ ਇਹ ਐਫਆਈਆਰ ਵੀ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ, ਮੋਹਾਲੀ ਵਿਖੇ ਦਰਜ ਕੀਤੀ ਗਈ ਹੈ ਅਤੇ ਉਸੇ ਥਾਣੇ ਵਿੱਚ ਮੇਰੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਸੀ।
‘ਆਪ’ ਵੱਲੋਂ ਲੋਟਸ ਅਪਰੇਸ਼ਨ ਸਬੰਧੀ ਕੀਤੀ ਗਈ ਕਾਨਫਰੰਸ ਵਿੱਚ ਵਿੱਤ ਮੰਤਰੀ ਚੀਮਾ ਨੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਕੁੱਝ ਏਜੰਟਾਂ ਵੱਲੋਂ ਧਮਕੀਆਂ ਦੇਣ ਦੀ ਗੱਲ ਕਹੀ ਸੀ ਪਰ ਦਰਜ ਕਰਵਾਈ ਗਈ ਐਫਆਈਆਰ ਵਿੱਚ ਧਮਕੀਆਂ ਮਿਲਣ ਦਾ ਕੋਈ ਜ਼ਿਕਰ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ‘ਆਪ’ ਵੱਲੋਂ ਨਾ ਤਾਂ ਕੋਈ ਸਬੂਤ ਦਿੱਤਾ ਗਿਆ ਹੈ ਅਤੇ ਨਾ ਹੀ ਪੰਜਾਬ ਪੁਲਿਸ ਨੇ ਸ਼ਿਕਾਇਤਕਰਤਾ ਬਣੇ ਸਾਰੇ 10 ਵਿਧਾਇਕਾਂ ਦੇ ਮੋਬਾਈਲ ਵੀ ਜ਼ਬਤ ਕੀਤੇ ਹਨ, ਜਦਕਿ ਪੰਜਾਬ ਪੁਲਿਸ ਨੇ ਮੋਬਾਈਲਾਂ ਦੇ ਕਾਲ ਰਿਕਾਰਡ ਤੋਂ ਜਾਂਚ ਸ਼ੁਰੂ ਕਰਨੀ ਹੈ। ਮਜੀਠੀਆ ਨੇ ਕਿਹਾ ਕਿ ਇਸ ਨਾਲ ‘ਆਪ’ ਸਿਰਫ ‘ਜੁਮਲਾਬਾਜੀ’ ਕਰਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਹੋਣ ਵਾਲੀਆਂ ਚੋਣਾਂ ‘ਚ ਫਾਇਦਾ ਲੈਣਾ ਚਾਹੁੰਦੀ ਹੈ।