ਤੇਲਗੂ ਫਿਲਮ ਇੰਡਸਟਰੀ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਨੂੰ ਐਤਵਾਰ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਹੈਦਰਾਬਾਦ ਦੇ ਕਾਂਟੀਨੈਂਟਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਕ੍ਰਿਸ਼ਨਾ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਏ। ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਵੀ ਸਾਊਥ ਦੇ ਵੱਡੇ ਸਟਾਰ ਰਹਿ ਚੁੱਕੇ ਹਨ। ਹਸਪਤਾਲ ਵੱਲੋਂ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਸਪਤਾਲ ‘ਚ ਲਿਆਉਣ ‘ਤੇ 20 ਮਿੰਟ ਤੱਕ ਸੀਪੀਆਰ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਫਿਲਹਾਲ ਕ੍ਰਿਸ਼ਨਾ ਨੂੰ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਰੱਖਿਆ ਗਿਆ ਹੈ। ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਹਰ ਸਮੇਂ ਨਜ਼ਰ ਰੱਖ ਰਹੇ ਹਨ।
ਇੱਕ ਰਿਪੋਰਟ ਮੁਤਾਬਿਕ ਕ੍ਰਿਸ਼ਨਾ ਦੀ ਸਿਹਤ ਬਾਰੇ ਜਾਣਕਾਰੀ ਦੇਣ ਵਾਲੇ ਡਾਕਟਰ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਡਾਕਟਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਕ੍ਰਿਸ਼ਨਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਵੀਡੀਓ ‘ਚ ਡਾਕਟਰ ਦਾ ਕਹਿਣਾ ਹੈ ਕਿ ਕੋਈ ਹੋਰ ਅਪਡੇਟ ਦੇਣ ਤੋਂ ਪਹਿਲਾਂ ਕ੍ਰਿਸ਼ਨਾ ਦੀ ਸਿਹਤ ‘ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਮਹੇਸ਼ ਬਾਬੂ ਦੀ ਮਾਂ ਦਾ ਦਿਹਾਂਤ ਵੀ ਹੋਇਆ ਹੈ। ਪਿਛਲੇ ਮਹੀਨੇ ਕ੍ਰਿਸ਼ਨਾ ਦੀ ਪਹਿਲੀ ਪਤਨੀ ਅਤੇ ਮਹੇਸ਼ ਦੀ ਮਾਂ ਇੰਦਰਾ ਦੇਵੀ ਦਾ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਇਲਾਜ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੀ।
ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਕਰੀਅਰ ਤਿੰਨ ਦਹਾਕਿਆਂ ਤੋਂ ਵੱਧ ਦਾ ਹੈ। ਉਨ੍ਹਾਂ ਨੂੰ ਤੇਲਗੂ ਸਿਨੇਮਾ ਦਾ ਪਹਿਲਾ ਸੁਪਰਸਟਾਰ ਮੰਨਿਆ ਜਾਂਦਾ ਹੈ। ਉਹ ਆਖਰੀ ਵਾਰ ਵੱਡੇ ਪਰਦੇ ‘ਤੇ 2016 ‘ਚ ਆਈ ਫਿਲਮ ਸ਼੍ਰੀ ਸ਼੍ਰੀ ‘ਚ ਨਜ਼ਰ ਆਏ ਸਨ।