ਮੈਡਾਗਾਸਕਰ ਦੀ ਰਾਜਧਾਨੀ ਅੰਟਾਨਾਨਾਰਿਵੋ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਨੈਸ਼ਨਲ ਸਟੇਡੀਅਮ ਵਿੱਚ ਮਚੀ ਭਗਦੜ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 80 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 11 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕ੍ਰਿਸ਼ਚੀਅਨ ਐਨਟਸੇ ਅਤੇ ਰਾਸ਼ਟਰਪਤੀ ਐਂਡਰੀ ਰਾਜੋਏਲੀਨਾ ਨੇ ਇਸ ਘਟਨਾ ‘ਤੇ ਸੋਗ ਪ੍ਰਗਟ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਓਸ਼ਨ ਆਈਲੈਂਡ ਗੇਮਜ਼ ਦੇ ਉਦਘਾਟਨੀ ਸਮਾਰੋਹ ‘ਚ ਹਿੱਸਾ ਲੈਣ ਲਈ 50,000 ਦਰਸ਼ਕਾਂ ਦੀ ਭੀੜ ਪਹੁੰਚੀ ਸੀ। ਇਸ ਦੌਰਾਨ ਭਗਦੜ ਮੱਚ ਗਈ। ਮੈਡਾਗਾਸਕਰ ਦੇ ਪ੍ਰਧਾਨ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 12 ਹੈ ਜਦਕਿ 80 ਦੇ ਕਰੀਬ ਲੋਕ ਜ਼ਖਮੀ ਹਨ। ਦੱਸ ਦੇਈਏ ਕਿ ਇਹ ਟੂਰਨਾਮੈਂਟ ਮੈਡਾਗਾਸਕਰ ਦੇ ਨੈਸ਼ਨਲ ਸਟੇਡੀਅਮ ਵਿੱਚ 3 ਦਸੰਬਰ ਤੱਕ ਚੱਲੇਗਾ। ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਓਸ਼ਨ ਆਈਲੈਂਡ ਗੇਮਜ਼ 1977 ਵਿੱਚ ਸ਼ੁਰੂ ਹੋਈਆਂ ਸਨ। ਇਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਬਣਾਇਆ ਗਿਆ ਸੀ। ਇਸ ਵਿੱਚ ਮਾਰੀਸ਼ਸ, ਸੇਸ਼ੇਲਸ, ਕੋਮੋਰੋਸ, ਮੈਡਾਗਾਸਕਰ, ਮੇਓਟ, ਰੀਯੂਨੀਅਨ ਅਤੇ ਮਾਲਦੀਵ ਦੇ ਐਥਲੀਟ ਸ਼ਾਮਿਲ ਹਨ।
ਮੈਡਾਗਾਸਕਰ ਵਿੱਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਚਾਰ ਸਾਲ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਸਾਲ 2019 ਵਿੱਚ ਮੈਡਾਗਾਸਕਰ ਦੇ ਮਹਾਮਾਸੀਨਾ ਸਟੇਡੀਅਮ ਵਿੱਚ ਅਜਿਹੇ ਹੀ ਇੱਕ ਸਮਾਗਮ ਦੌਰਾਨ ਭਗਦੜ ਮੱਚ ਗਈ ਸੀ, ਜਿਸ ਵਿੱਚ ਕਰੀਬ 15 ਲੋਕਾਂ ਦੀ ਮੌਤ ਹੋ ਗਈ ਸੀ।