ਨਿਊਜੀਲੈਂਡ ਵਾਸੀਆਂ ਨੂੰ ਅੱਜ ਅਧਿਕਾਰਿਤ ਤੌਰ ‘ਤੇ ਨਵੇਂ ਪ੍ਰਧਾਨ ਮੰਤਰੀ ਮਿਲ ਗਏ ਹਨ। ਰਾਜਧਾਨੀ ਸਥਿਤ ਗਵਰਮੈਂਟ ਹਾਊਸ ਵਿਖੇ ਕਰਵਾਏ ਗਏ ਸਮਾਗਮ ‘ਚ ਕ੍ਰਿਸਟੋਫਰ ਲਕਸਨ ਨੇ ਸੋਮਵਾਰ ਨੂੰ ਨਿਊਜੀਲੈਂਡ ਦੇ 42ਵੇਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ ਹੈ। ਉਨ੍ਹਾਂ ਦੇ ਨਾਲ ਨਾਲ ਵਿਨਸਟਨ ਪੀਟਰਜ਼ ਨੇ ਬਤੌਰ ਉਪ ਪ੍ਰਧਾਨ ਮੰਤਰੀ ਅਤੇ ਡੇਵਿਡ ਸੀਮੌਰ ਨੇ ਮਨਿਸਟਰ ਫਾਰ ਰੈਗੁਲੇਸ਼ਨ ਦੇ ਤੌਰ ਤੇ ਸਹੁੰ ਚੁੱਕੀ ਹੈ। ਉੱਥੇ ਹੀ ਨਵੇਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਉਨ੍ਹਾਂ ਦਾ ਨੰਬਰ ਇੱਕ ਕੰਮ ਅਰਥਵਿਵਸਥਾ ਨੂੰ ਠੀਕ ਕਰਨਾ ਹੈ। ਰਹਿਣ-ਸਹਿਣ ਦੀਆਂ ਲਾਗਤਾਂ ਨੂੰ ਘਟਾਉਣਾ ਹੈ ਅਤੇ ਮਹਿੰਗਾਈ ਨੂੰ ਕਾਬੂ ਵਿੱਚ ਰੱਖਣਾ ਹੈ ਤਾਂ ਜੋ ਅਸੀਂ ਵਿਆਜ ਦਰਾਂ ਨੂੰ ਘਟਾ ਸਕੀਏ ਅਤੇ ਭੋਜਨ ਨੂੰ ਹੋਰ ਕਿਫਾਇਤੀ ਬਣਾ ਸਕੀਏ। ਲਕਸਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਸਰਕਾਰ ਆਪਣੇ ਪਹਿਲੇ ਕੁੱਝ ਮਹੀਨਿਆਂ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗੀ।
