ਕੈਨੇਡਾ ‘ਚ ਰਹਿ ਰਹੇ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਇੱਕ ਨੌਜਵਾਨ ਨੇ ਉੱਥੇ ਖੁਦਕੁਸ਼ੀ ਕਰ ਲਈ ਹੈ। ਕੈਨੇਡੀਅਨ ਪੁਲਿਸ ਨੇ ਨੌਜਵਾਨ ਦੀ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਰਹਿੰਦੇ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ 22 ਸਾਲਾ ਚਰਨਜੀਤ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ। ਪਿਛਲੇ ਵੀਰਵਾਰ ਦੇ ਆਸ-ਪਾਸ ਉਸ ਨੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਜ਼ ‘ਚ ਕੰਮ ‘ਤੇ ਜਾਣ ਬਾਰੇ ਦੱਸਿਆ ਸੀ। ਚਰਨਜੀਤ ਉਸ ਦਿਨ ਤੋਂ ਵਾਪਸ ਨਹੀਂ ਆਇਆ ਸੀ।
ਨੌਜਵਾਨ ਦੇ ਪਰਿਵਾਰਕ ਮੈਂਬਰ ਹਰ ਰੋਜ਼ ਚਰਨਜੀਤ ਨਾਲ ਉਸ ਦੇ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਕੈਨੇਡੀਅਨ ਪੁਲਿਸ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਕੇ ਚਰਨਦੀਪ ਦੀ ਭਾਲ ਕਰ ਰਹੀ ਸੀ। ਕੈਨੇਡੀਅਨ ਪੁਲਿਸ ਮੁਤਾਬਿਕ ਚਰਨਜੀਤ ਸਿੰਘ ਨੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਨੌਜਵਾਨ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟਾਂ ਅਨੁਸਾਰ ਚਰਨਦੀਪ ਨੇ ਆਪਣਾ ਮੋਬਾਈਲ ਫੋਨ ਇਕ ਪਾਸੇ ਰੱਖ ਦਿੱਤਾ ਸੀ ਅਤੇ ਨਿਆਗਰਾ ਫਾਲਜ਼ ਵਿਚ ਛਾਲ ਮਾਰ ਦਿੱਤੀ ਸੀ।
ਕਿਸਾਨ ਜ਼ੋਰਾ ਸਿੰਘ ਦਾ ਪੁੱਤਰ ਚਰਨਦੀਪ ਕਰੀਬ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਜ਼ੋਰਾ ਸਿੰਘ ਨੇ ਕਰਜ਼ਾ ਚੁੱਕ ਕੇ ਆਪਣੇ ਬੇਟੇ ਦੇ ਉੱਜਵਲ ਭਵਿੱਖ ਲਈ ਕੈਨੇਡਾ ਭੇਜ ਦਿੱਤਾ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਪੁੱਤਰ ਅਜਿਹਾ ਭਿਆਨਕ ਕਦਮ ਚੁੱਕੇਗਾ। ਪਿੰਡ ਅਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।