ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਸ਼ੁੱਕਰਵਾਰ ਨੂੰ ਨਾਮਜ਼ਦਗੀ ਭਰਨ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਹੋਇਆ ਇੰਝ ਕਿ ਬਿੱਟੂ ਪਿਛਲੇ ਦਸ ਸਾਲਾਂ ਤੋਂ ਰੋਜ਼ ਗਾਰਡਨ ਸਥਿਤ ਸਰਕਾਰੀ ਘਰ ਵਿੱਚ ਰਹਿ ਰਹੇ ਹਨ। ਪਰ ਨਗਰ ਨਿਗਮ ਨੇ ਵੀਰਵਾਰ ਅੱਧੀ ਰਾਤ 12.15 ਵਜੇ ਬਿੱਟੂ ਨੂੰ ਉਸ ਮਕਾਨ ਲਈ ਦੋ ਕਰੋੜ ਤੋਂ ਵੱਧ ਦੇ ਕਿਰਾਏ ਦਾ ਨੋਟਿਸ ਸੌਂਪ ਦਿੱਤਾ। ਇਸ ਮਗਰੋਂ ਸ਼ੁੱਕਰਵਾਰ ਸਵੇਰੇ ਆਪਣੇ ਦਾਦੇ ਦੀ ਜੱਦੀ ਜ਼ਮੀਨ ਨੂੰ ਗਹਿਣੇ ਰੱਖਣ ਤੋਂ ਬਾਅਦ ਬਿੱਟੂ ਨੇ ਬਿੱਲ ਦਾ ਭੁਗਤਾਨ ਕੀਤਾ ਅਤੇ ਐਨਓਸੀ ਲੈ ਲਈ ਅਤੇ ਉਸ ਤੋਂ ਬਾਅਦ ਹੀ ਉਹ ਨਾਮਜ਼ਦਗੀ ਦਾਖਲ ਕਰ ਸਕੇ। ਇਸ ਦੇ ਲਈ ਬਿੱਟੂ ਭਾਜਪਾ ਦੇ ਕਈ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਨਾਲ ਦੋ ਘੰਟੇ ਤੋਂ ਵੱਧ ਸਮਾਂ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਬੈਠੇ ਰਹੇ।
ਸਰਕਾਰ ਦੇ ਇਸ ਕਦਮ ‘ਤੇ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 10 ਦਿਨ ਪਹਿਲਾਂ ਐਨਓਸੀ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ, ਜਦਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 48 ਘੰਟਿਆਂ ਵਿੱਚ ਐਨਓਸੀ ਜਾਰੀ ਕਰਨਾ ਜ਼ਰੂਰੀ ਹੈ। ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਹੀ ਦਾਲ ਵਿੱਚ ਕਾਲਾ ਮਹਿਸੂਸ ਕਰ ਰਿਹਾ ਸੀ। ਸਰਕਾਰ ਸੋਚ ਰਹੀ ਸੀ ਕਿ ਨਾਮਜ਼ਦਗੀ ਤੋਂ ਪਹਿਲਾਂ ਹੀ ਅਜਿਹੀ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਪੈਸੇ ਦਾ ਇੰਤਜ਼ਾਮ ਨਹੀਂ ਰਹੇਗਾ ਅਤੇ ਨਾਮਜ਼ਦਗੀ ਵਿਚ ਅੜਿੱਕਾ ਵੀ ਪੈਦਾ ਹੋਵੇਗਾ। ਉਹੀ ਗੱਲ ਹੋਈ। ਰਾਤ ਦੇ ਹਨੇਰੇ ਵਿੱਚ 12:15 ਵਜੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਸ ਨੂੰ ਦੋ ਕਰੋੜ ਰੁਪਏ ਤੋਂ ਵੱਧ ਦੇ ਮਕਾਨ ਦੇ ਕਿਰਾਏ ਦਾ ਨੋਟਿਸ ਭੇਜਿਆ।
ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜੱਦੀ ਜ਼ਮੀਨ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਗਿਰਵੀ ਰੱਖ ਕੇ ਸਵੇਰੇ ਪੈਸੇ ਦਾ ਪ੍ਰਬੰਧ ਕਰਕੇ ਨਗਰ ਨਿਗਮ ਵਿੱਚ ਜਮ੍ਹਾਂ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਐਨ.ਓ.ਸੀ. ਲਈ। ਇਸ ਤੋਂ ਸਾਫ਼ ਹੈ ਕਿ ਸਰਕਾਰ ਨੇ ਇਹ ਸਭ ਸਿਰਫ਼ ਅੜਿੱਕਾ ਪੈਦਾ ਕਰਨ ਲਈ ਕੀਤਾ ਹੈ। ਬਿੱਟੂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਦਸ ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੇ ਹਨ। ਇਹ ਗੱਲ ਕੇਂਦਰੀ ਗ੍ਰਹਿ ਮੰਤਰਾਲੇ, ਪੰਜਾਬ ਸਰਕਾਰ ਸਮੇਤ ਹਰ ਕਿਸੇ ਦੇ ਧਿਆਨ ਵਿੱਚ ਹੈ ਪਰ ਸਰਕਾਰ ਦੇ ਮਨ ਵਿੱਚ ਕੀ ਹੈ ਰੱਬ ਹੀ ਜਾਣੇ। ਬਿੱਟੂ ਨੇ ਕਿਹਾ ਕਿ ‘ਆਪ’ ਨੂੰ ਹੁਣ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਹ ਜਿੱਤ ਨਹੀਂ ਸਕਦੇ, ਇਸ ਲਈ ਅਜਿਹੀਆਂ ਗਤੀਵਿਧੀਆਂ ਕਰਕੇ ਚੋਣਾਂ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਹਰ ਕੋਈ ਚੋਣ ਲੜਦਾ ਸੀ ਪਰ ਹੁਣ ਅਜਿਹੇ ਅੜਿੱਕੇ ਖੜ੍ਹੇ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਉਨ੍ਹਾਂ ਦੇ ਇਰਾਦੇ ਕੀ ਹਨ।