ਪੰਜਾਬ ਦੀ ਲੁਧਿਆਣਾ ਪੁਲਿਸ ਨੇ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਿਸ ਨੂੰ ਇਸ ਕਾਲ ਸੈਂਟਰ ਬਾਰੇ ਗੁਪਤ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਹੀ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵੱਲੋਂ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ ਲਈ ਟੈਕਨੀਕਲ ਸਰਵਿਸ ਪ੍ਰੋਵਾਈਡਰ ਵਜੋਂ ਪੇਸ਼ ਕੀਤਾ ਜਾਂਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਅਤੇ ਲਿਖਿਆ ਕਿ, “ਲੁਧਿਆਣਾ ਪੁਲਿਸ ਵਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਚਲ ਰਹੇ ਇੱਕ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ 30 ਲੋਕਾਂ ਦੇ ਇੱਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗਿਰੋਹ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਲਈ ਤਕਨੀਕੀ ਸੇਵਾ ਪ੍ਰਦਾਤਾਵਾਂ ਦੀ ਆੜ ਵਿੱਚ ਕੰਮ ਕਰ ਰਿਹਾ ਸੀ ਅਤੇ ਗਲੋਬਲ ਨਿਵਾਸੀਆਂ, ਮੁੱਖ ਤੌਰ ‘ਤੇ ਵਿਦੇਸ਼ੀ ਲੋਕਾਂ ਨਾਲ ਭਾਰੀ ਰਕਮ ਦੀ ਧੋਖਾਧੜੀ ਕਰਦੇ ਸਨ। ਇਸ ਘੁਟਾਲੇ ਵਿੱਚ ਵਰਤੇ ਗਏ ਸਾਰੇ ਇਲੈਕਟ੍ਰੋਨਿਕਸ ਅਤੇ ਮੋਬਾਈਲ ਜ਼ਬਤ ਕਰ ਲਏ ਹਨ ਅਤੇ ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਦਿੱਲੀ ਅਤੇ ਪੰਜਾਬ ਦੇ ਹਨ।”