ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸੁਭਾਸ਼ ਨਗਰ ਤੋਂ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ 50 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਸ਼ਨੀਵਾਰ ਦੁਪਹਿਰ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ 3 ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਘਟਨਾ ਤੋਂ ਤੁਰੰਤ ਬਾਅਦ ਪੂਰੇ ਸ਼ਹਿਰ ਵਿੱਚ ਹੜਕੰਪ ਮੱਚ ਗਿਆ ਅਤੇ ਮਾਲਕਾਂ ਨੇ ਲੁੱਟ ਦੀ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਕ੍ਰਿਸ਼ਨਾ ਅਲੌਏਜ਼ ਦੇ ਕਰਮਚਾਰੀ ਇੱਥੋਂ ਦੇ ਧਰਮ ਮਿੱਲ ਰੋਡ ਨੇੜੇ ਸਤਨਾਮ ਢਾਬੇ ਤੋਂ ਕਰੀਬ 50 ਲੱਖ ਰੁਪਏ ਦੀ ਅਦਾਇਗੀ ਲੈ ਕੇ ਆਏ ਸਨ, ਜਿਵੇਂ ਹੀ ਉਹ ਮੋਤੀਆ ਖਾਂ ਇਲਾਕੇ ਤੋਂ ਹੁੰਦੇ ਹੋਏ ਸੁਭਾਸ਼ ਨਗਰ ਸਥਿਤ ਆਪਣੇ ਦਫ਼ਤਰ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਇੱਕ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਚਾਰ ਨੌਜਵਾਨ ਆਏ ਅਤੇ ਬੰਦੂਕ ਦੀ ਨੋਕ ‘ਤੇ ਉਨ੍ਹਾਂ ਕੋਲੋਂ ਨਕਦੀ ਲੈ ਕੇ ਫ਼ਰਾਰ ਹੋ ਗਏ।