ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਪਰਚਾ ਦਰਜ ਹੋਣ ਤੋਂ ਬਾਅਦ ਇੱਕ ਹੋਰ ਵੱਡੀ ਕਾਰਵਾਈ ਹੋਈ ਹੈ। ਦਰਅਸਲ ਹੁਣ ਮਜੀਠੀਆ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਿਸ ਨੂੰ ਮਜੀਠੀਆ ਦੇ ਵਿਦੇਸ਼ ਭੱਜਣ ਦਾ ਖਦਸ਼ਾ ਹੈ, ਜਿਸ ਪਿੱਛੋਂ ਅਕਾਲੀ ਆਗੂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਚਨਾ ਭੇਜੀ ਗਈ ਹੈ। ਜਿਸ ਦੇ ਜ਼ਰੀਏ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਹੋਰ ਸਾਰੀਆਂ ਥਾਵਾਂ ‘ਤੇ ਅਲਰਟ ਜਾਰੀ ਕੀਤਾ ਗਿਆ ਹੈ।
ਮਜੀਠੀਆ ਹੁਣ ਦੇਸ਼ ਨਹੀਂ ਛੱਡ ਸਕਣਗੇ। ਹਵਾਈ ਅੱਡਿਆਂ ਉੱਪਰ ਹੁਣ ਖਾਸ ਨਜ਼ਰ ਰਹੇਗੀ। ਬਿਕਰਮ ਸਿੰਘ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ‘ਤੇ ਛਾਪਾਮਾਰੀ ਹੋ ਰਹੀ ਹੈ, ਹਾਲਾਂਕਿ ਉਹ ਘਰ ਨਹੀਂ ਮਿਲੇ। ਜਾਣਕਾਰੀ ਅਨੁਸਾਰ SIT ਦੀਆਂ 4 ਟੀਮਾਂ ਨੇ 16 ਥਾਂਵਾਂ ‘ਤੇ ਛਾਪੇ ਮਾਰੇ। ਪੁਲਿਸ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਦੇਰ ਰਾਤ 3:30 ਵਜੇ ਚੰਡੀਗੜ੍ਹ ਸਥਿਤ ਮਜੀਠੀਆ ਦੇ ਸਰਕਾਰੀ ਫਲੈਟ ਪੁੱਜੀ, ਪਰ ਉਥੇ ਕੋਈ ਨਹੀਂ ਮਿਲਿਆ। ਸੂਤਰਾਂ ਮੁਤਾਬਕ ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਦੇ ਪੰਜਾਬ ਤੋਂ ਬਾਹਰ ਜਾਣ ਦੀ ਖ਼ਬਰ ਹੈ। ਉਧਰ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।