ਲੰਡਨ ਦਾ ਹੀਥਰੋ ਹਵਾਈ ਅੱਡਾ ਫਿਲਹਾਲ ਅੱਧੀ ਰਾਤ ਤੱਕ ਬੰਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਥੇ ਬਿਜਲੀ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ (ਭਾਰਤੀ ਸਮੇਂ ਮੁਤਾਬਿਕ) ਇੱਕ ਪੋਸਟ ਵਿੱਚ, ਏਅਰਪੋਰਟ ਅਥਾਰਟੀ ਨੇ ਯਾਤਰੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਯਾਤਰੀਆਂ ਨੂੰ ਹੋਰ ਜਾਣਕਾਰੀ ਲਈ ਉਸ ਏਅਰਲਾਈਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਯਾਤਰਾ ਕਰ ਰਹੇ ਸਨ।
ਇਸ ਸਬੰਧੀ ਏਅਰਪੋਰਟ ਅਥਾਰਟੀ ਨੇ ਇੱਕ ਐਕਸ ਪੋਸਟ ਵੀ ਕੀਤਾ ਹੈ। ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਏਅਰਪੋਰਟ ਨੂੰ ਬਿਜਲੀ ਸਪਲਾਈ ਕਰਨ ਵਾਲੇ ਇੱਕ ਇਲੈਕਟ੍ਰੀਕਲ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਹੀਥਰੋ ਵਿੱਚ ਬਿਜਲੀ ਦੀ ਗੰਭੀਰ ਕਿੱਲਤ ਪੈਦਾ ਹੋ ਗਈ ਹੈ। ਸਾਡੇ ਯਾਤਰੀਆਂ ਅਤੇ ਸਹਿਕਰਮੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਹੀਥਰੋ ਹਵਾਈ ਅੱਡਾ 21 ਮਾਰਚ ਨੂੰ ਰਾਤ 11.59 ਵਜੇ ਤੱਕ ਬੰਦ ਰਹੇਗਾ।
ਏਅਰਪੋਰਟ ਅਥਾਰਟੀ ਨੇ ਅੱਗੇ ਲਿਖਿਆ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ‘ਤੇ ਨਾ ਜਾਣ ਅਤੇ ਵਧੇਰੇ ਜਾਣਕਾਰੀ ਲਈ ਆਪਣੀਆਂ ਏਅਰਲਾਈਨਾਂ ਨਾਲ ਸੰਪਰਕ ਕਰਨ। ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਸਥਿਤੀ ਨੂੰ ਸੁਲਝਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।