ਆਕਲੈਂਡ ਵਾਸੀ ਇੱਕ ਵਾਰ ਫਿਰ ਤੋਂ ਖਰਾਬ ਮੌਸਮ ਦੀ ਮਾਰ ਝੱਲ ਰਹੇ ਹਨ। ਉੱਥੇ ਹੀ ਇਸ ਦੌਰਾਨ ਆਕਲੈਂਡ ਕੌਂਸਲ ਵੱਲੋਂ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ। ਆਕਲੈਂਡ ਵਿੱਚ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰੀ ਮੀਂਹ ਕਾਰਨ ਆਕਲੈਂਡ ਤੇ ਨਾਰਥ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪਰ ਇਸ ਵਿਚਕਾਰ ਮੇਅਰ ਵੇਨ ਬਰਾਊਨ ਨੇ ਲੋਕਲ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਮਗਰੋਂ ਹੁਣ ਡਿਪਟੀ ਮੇਅਰ ਡੇਸਲੀ ਸਿੰਪਸਨ ਉਨ੍ਹਾਂ ਦੀਆਂ ਪਾਵਰਾਂ ਦੀ ਵਰਤੋਂ ਕਰ ਸਕਦੇ ਹਨ।
ਐਮਰਜੈਂਸੀ ਮੈਨੇਜਮੈਂਟ ਮੰਤਰੀ ਕੀਰਨ ਮੈਕਐਨਲਟੀ ਨੇ ਕਿਹਾ, “NEMA ਦੇ ਰਾਸ਼ਟਰੀ ਤਾਲਮੇਲ ਕੇਂਦਰ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। NEMA ਇਸ ਘਟਨਾ ਦੇ ਦੌਰਾਨ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਮੈਨੂੰ ਅੱਪ ਟੂ ਡੇਟ ਰੱਖ ਰਿਹਾ ਹੈ। ਇਹ ਘੋਸ਼ਣਾ ਸਾਨੂੰ ਪ੍ਰਭਾਵਿਤ ਖੇਤਰਾਂ ਲਈ ਹੋਰ ਸਰੋਤਾਂ ਦਾ ਤਾਲਮੇਲ ਕਰਨ ਦੀ ਸਮਰੱਥਾ ਦਿੰਦੀ ਹੈ।”