ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ ਸਿਰਫ 45 ਦਿਨ ਦਾ ਰਿਹਾ ਹੈ। ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਅਸਤੀਫਾ ਦੇਣ ਜਾ ਰਹੇ ਹਨ। ਆਖਿਰ ਹੁਣ ਇਸ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਅਸਤੀਫੇ ਤੋਂ ਬਾਅਦ ਲਿਜ਼ ਟਰਸ ਨੇ ਵੀ ਆਪਣੀ ਤਰਫੋਂ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਮੈਂ ਜਿਨ੍ਹਾਂ ਵਾਅਦਿਆਂ ਲਈ ਲੜੀ ਸੀ, ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੀ। ਮੈਂ ਸੂਚਿਤ ਕਰ ਦਿੱਤਾ ਹੈ ਕਿ ਹੁਣ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ। ਲਿਜ਼ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੀ ਤਾਂ ਦੇਸ਼ ‘ਚ ਆਰਥਿਕ ਸਥਿਰਤਾ ਨਹੀਂ ਸੀ। ਪਰਿਵਾਰ ਚਿੰਤਾ ਵਿੱਚ ਸਨ ਕਿ ਬਿੱਲ ਕਿਵੇਂ ਇਕੱਠੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਟੈਕਸ ਘਟਾਉਣ ਦਾ ਸੁਪਨਾ ਦੇਖਿਆ ਸੀ, ਮਜ਼ਬੂਤ ਅਰਥਵਿਵਸਥਾ ਦੀ ਨੀਂਹ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਨੂੰ ਲੱਗਦਾ ਹੈ ਕਿ ਫਿਲਹਾਲ ਮੈਂ ਪੂਰਾ ਨਹੀਂ ਕਰ ਸਕੀ। ਇਸ ਲਈ ਮੈਂ ਅਸਤੀਫਾ ਦੇ ਰਹੀ ਹਾਂ।
ਜਾਣਕਾਰੀ ਲਈ ਦੱਸ ਦੇਈਏ ਕਿ ਕੰਜ਼ਰਵੇਟਿਵ ਪਾਰਟੀ ਦੇ 530 ਮੈਂਬਰਾਂ ਦੇ YouGov ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਸੀ ਕਿ 55% (ਫੀਸਦੀ) ਮੈਂਬਰਾਂ ਦਾ ਮੰਨਣਾ ਹੈ ਕਿ ਲਿਜ਼ ਟਰਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੁੱਝ ਹੋਰ ਸਰਵੇਖਣਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਲਿਜ਼ ਟਰਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਉਨ੍ਹਾਂ ਦੀ ਆਪਣੀ ਪਾਰਟੀ ਉਨ੍ਹਾਂ ਦੇ ਫੈਸਲਿਆਂ ਤੋਂ ਨਾਖੁਸ਼ ਸੀ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਿਜ਼ ਟਰਸ ਨੇ ਹਾਲ ਹੀ ਵਿੱਚ ਪੀਐਮ ਹੁੰਦਿਆਂ ਸੰਸਦ ਵਿੱਚ ਇੱਕ ਮਿੰਨੀ ਬਜਟ ਪੇਸ਼ ਕੀਤਾ ਸੀ। ਇਸ ਬਜਟ ਵਿੱਚ ਉਨ੍ਹਾਂ ਨੇ ਟੈਕਸ ਵਾਧੇ ਅਤੇ ਮਹਿੰਗਾਈ ਨੂੰ ਰੋਕਣ ਲਈ ਕਦਮ ਚੁੱਕੇ ਸਨ। ਪਰ ਜਲਦੀ ਹੀ ਸਰਕਾਰ ਵੱਲੋਂ ਇਹ ਫੈਸਲੇ ਵਾਪਿਸ ਲੈ ਲਏ ਗਏ। ਚੋਣ ਪ੍ਰਚਾਰ ਦੌਰਾਨ ਵੀ ਉਨ੍ਹਾਂ ਨੇ ਟੈਕਸ ਘਟਾਉਣ ਦਾ ਵੱਡਾ ਵਾਅਦਾ ਕੀਤਾ ਸੀ। ਪਰ ਉਨ੍ਹਾਂ ਆਪਣਾ ਫੈਸਲਾ ਵਾਪਿਸ ਲੈ ਲਿਆ, ਜਿਸ ਕਾਰਨ ਪਾਰਟੀ ਅੰਦਰਲੇ ਕਈ ਲੋਕ ਨਾਰਾਜ਼ ਹੋ ਗਏ ਅਤੇ ਟਰਸ ‘ਤੇ ਅਸਤੀਫੇ ਦਾ ਦਬਾਅ ਵੱਧ ਗਿਆ।