ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ II ਨੇ ਮੰਗਲਵਾਰ ਨੂੰ ਰਸਮੀ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਲਿਜ਼ ਟਰਸ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਸੋਮਵਾਰ ਨੂੰ ਆਏ ਚੋਣ ਨਤੀਜਿਆਂ ‘ਚ ਲਿਜ਼ ਟਰਸ ਨੇ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸੁਨਕ ਨੂੰ ਹਰਾਇਆ ਹੈ। ਚੋਣ ਨਤੀਜਿਆਂ ਵਿੱਚ ਲਿਜ਼ ਟਰਸ ਨੂੰ 81,326 ਅਤੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ 60,399 ਵੋਟਾਂ ਮਿਲੀਆਂ ਸਨ।
ਲਿਜ਼ ਟਰਸ ਨੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਰਸਮੀ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਮਹਾਰਾਣੀ ਨਾਲ ਮੁਲਾਕਾਤ ਕੀਤੀ। ਮਹਾਰਾਣੀ ਨੇ ਰਸਮੀ ਤੌਰ ‘ਤੇ ਟਰਸ ਨੂੰ ਨਵੀਂ ਸਰਕਾਰ ਬਣਾਉਣ ਲਈ ਕਿਹਾ। ਇਸ ਤੋਂ ਪਹਿਲਾਂ ਅੱਜ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਹਾਰਾਣੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। 96 ਸਾਲਾ ਮਹਾਰਾਣੀ ਆਪਣੀਆਂ ਸਾਲਾਨਾ ਛੁੱਟੀਆਂ ਮਨਾਉਣ ਲਈ ਆਪਣੇ ਐਬਰਡੀਨਸ਼ਾਇਰ ਨਿਵਾਸ ‘ਤੇ ਹੈ। ਇਹੀ ਕਾਰਨ ਹੈ ਕਿ ਇਹ ਮੀਟਿੰਗਾਂ ਲੰਡਨ ਦੇ ਬਕਿੰਘਮ ਪੈਲੇਸ ਦੀ ਬਜਾਏ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿੱਚ ਹੋਈਆਂ।
ਨਵੀਂ ਪ੍ਰਧਾਨ ਮੰਤਰੀ ਲਿਜ਼ ਟਰਸ ਬਾਲਮੋਰਲ ਕੈਸਲ ਵਿਖੇ ਮਹਾਰਾਣੀ ਨੂੰ ਮਿਲਣ ਤੋਂ ਬਾਅਦ ਲੰਡਨ ਪਰਤ ਆਈ ਹੈ। ਟਰਸ ਲੰਡਨ ਦੀ 10 ਡਾਊਨਿੰਗ ਸਟ੍ਰੀਟ ਵਿਖੇ ਪ੍ਰਧਾਨ ਮੰਤਰੀ ਵਜੋਂ ਆਪਣਾ ਪਹਿਲਾ ਭਾਸ਼ਣ ਦੇਵੇਗੀ, ਅਤੇ ਫਿਰ ਕੁੱਝ ਪ੍ਰਮੁੱਖ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰੇਗੀ। ਲਿਜ਼ ਟਰਸ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ। ਉਨ੍ਹਾਂ ਤੋਂ ਪਹਿਲਾਂ ਮਾਰਗਰੇਟ ਥੈਚਰ ਅਤੇ ਥੈਰੇਸਾ ਮੇਅ ਪ੍ਰਧਾਨ ਮੰਤਰੀ ਬਣੀਆਂ ਸਨ। ਇਹ ਦੋਵੇਂ ਆਗੂ ਵੀ ਕੰਜ਼ਰਵੇਟਿਵ ਪਾਰਟੀ ਦੇ ਸਨ।