ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ Liz Truss ਨੇ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਭਾਰਤੀ ਮੂਲ ਦੇ ਸਾਂਸਦ ਰਿਸ਼ੀ ਸੁਨਕ ਨੂੰ ਕਰੀਬੀ ਮੁਕਾਬਲੇ ਵਿੱਚ ਹਰਾਇਆ ਹੈ। ਲਿਜ਼ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਲਿਜ਼ ਟਰਸ ਨੂੰ 81,326 ਅਤੇ ਰਿਸ਼ੀ ਸੁਨਕ ਨੂੰ 60,399 ਵੋਟਾਂ ਮਿਲੀਆਂ ਹਨ। ਲਿਜ਼ ਟਰਸ ਥੈਰੇਸਾ ਮੇਅ ਅਤੇ ਮਾਰਗਰੇਟ ਥੈਚਰ ਤੋਂ ਬਾਅਦ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਪ੍ਰਧਾਨ ਮੰਤਰੀ ਚੋਣ ਦੇ ਆਖਰੀ ਪੜਾਅ ਲਈ ਵੋਟਿੰਗ ਸ਼ੁੱਕਰਵਾਰ ਨੂੰ ਖਤਮ ਹੋਈ ਸੀ। ਚੋਣ ਨਤੀਜਿਆਂ ਤੋਂ ਪਹਿਲਾਂ ਆਏ ਪ੍ਰੀ-ਪੋਲ ਸਰਵੇ ‘ਚ ਰਿਸ਼ੀ ਸੁਨਕ ਨੂੰ ਲਿਜ਼ ਟਰਸ ਦੇ ਪਿੱਛੇ ਦੱਸਿਆ ਗਿਆ ਸੀ।
ਚੋਣ ਜਿੱਤਣ ਤੋਂ ਬਾਅਦ ਲਿਜ਼ ਟਰਸ ਨੇ ਕਿਹਾ ਕਿ ਮੈਂ ਇੱਕ ਦਲੇਰਾਨਾ ਯੋਜਨਾ ਪੇਸ਼ ਕਰਾਂਗੀ। ਲਿਜ਼ ਟਰਸ ਨੇ ਦਾਅਵਾ ਕੀਤਾ ਕਿ ਉਹ ਟੈਕਸਾਂ ਵਿੱਚ ਕਟੌਤੀ ਕਰਨ ਅਤੇ ਬ੍ਰਿਟਿਸ਼ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਬਿਹਤਰ ਯੋਜਨਾ ਦੇਵੇਗੀ। ਉਸਨੇ ਕਿਹਾ ਕਿ ਉਹ ਊਰਜਾ ਸੰਕਟ ਅਤੇ NHS ‘ਤੇ ਕੰਮ ਕਰੇਗੀ। ਟਰਸ ਨੇ ਕਿਹਾ, “ਅਸੀਂ ਸਾਰੇ ਆਪਣੇ ਦੇਸ਼ ਲਈ ਕੰਮ ਕਰਾਂਗੇ ਅਤੇ ਮੈਂ ਇਹ ਯਕੀਨੀ ਬਣਾਂਵਾਂਗੀ ਕਿ ਅਸੀਂ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਸ਼ਾਨਦਾਰ ਹੁਨਰ ਦੀ ਵਰਤੋਂ ਕਰੀਏ ਅਤੇ ਅਸੀਂ 2024 ਵਿੱਚ ਕੰਜ਼ਰਵੇਟਿਵ ਪਾਰਟੀ ਲਈ ਵੱਡੀ ਜਿੱਤ ਹਾਸਿਲ ਕਰਾਂਗੇ।”