ਵਾਈਕਾਟੋ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਕੂਲ ਦੇ ਹਾਲ ਦੀ ਛੱਤ ‘ਤੇ ਬਿਜਲੀ ਡਿੱਗਣ ਕਾਰਨ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਮਗਰੋਂ ਸਕੂਲ ਨੂੰ ਦਿਨ ਭਰ ਲਈ ਬੰਦ ਕਰ ਦਿੱਤਾ ਗਿਆ ਹੈ। ਪੁਕੇਤਾਹਾ ਸਕੂਲ ਦੇ ਡਿਪਟੀ ਪ੍ਰਿੰਸੀਪਲ ਜੇਸਨ ਬੂਬੇਅਰ ਨੇ ਕਿਹਾ ਕਿ ਸਾਰੇ ਬੱਚੇ ਠੀਕ ਹਨ ਪਰ ਹੈਮਿਲਟਨ ਦੇ ਉੱਤਰ ਵਿੱਚ ਸਥਿਤ ਸਕੂਲ ਨੂੰ ਖਾਲੀ ਕਰਵਾਇਆ ਗਿਆ ਹੈ। ਫਾਇਰ ਐਂਡ ਐਮਰਜੈਂਸੀ ਸ਼ਿਫਟ ਦੇ ਮੈਨੇਜਰ ਰਿਆਨ ਜੀਨ ਨੇ ਕਿਹਾ ਕਿ ਅੱਗ ਲੱਗਣ ਦੀ ਇਹ ਘਟਨਾ ਬੁੱਧਵਾਰ ਦੁਪਹਿਰ ਵੇਲੇ ਵਾਪਰੀ ਹੈ। ਇਸ ਦੌਰਾਨ ਚਾਰ ਫਾਇਰ ਟਰੱਕ, ਦੋ ਪਾਣੀ ਦੇ ਟੈਂਕਰ, ਦੋ ਵਾਲੰਟੀਅਰ ਬ੍ਰਿਗੇਡ ਅਤੇ ਮੈਨੁਕਾਊ ਤੋਂ ਇੱਕ ਪੌੜੀ ਵਾਲਾ ਟਰੱਕ ਘਟਨਾ ਸਥਾਨ ‘ਤੇ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ 1 ਵਜੇ ਤੋਂ ਬਾਅਦ ਸਕੂਲ ਦੇ ਪੂਲ ਵਿੱਚੋਂ ਪਾਣੀ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਤੋਂ ਪਹਿਲਾਂ 2018 ਵਿੱਚ, ਹੈਮਿਲਟਨ ਸਕੂਲ ਵਿੱਚ ਬਿਜਲੀ ਡਿੱਗਣ ਤੋਂ ਬਾਅਦ ਚਾਰ ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।