ਕੇਂਦਰ ਸਰਕਾਰ ਹੁਣ ਭਾਰਤ ‘ਚ ਟਰੱਕਾਂ ਨੂੰ ਲੈ ਕੇ ਵੱਡਾ ਬਦਲਾਅ ਕਰਨ ਜਾ ਰਹੀ ਹੈ। ਦਰਅਸਲ ਵਿਦੇਸ਼ਾਂ ਦੀ ਤਰਜ਼ ‘ਤੇ ਕੇਂਦਰ ਸਰਕਾਰ ਹੁਣ ਭਾਰਤ ‘ਚ ਟਰੱਕ ਡਰਾਈਵਿੰਗ ਸਿਸਟਮ ਨੂੰ ਅਪਗ੍ਰੇਡ ਕਰ ਰਹੀ ਹੈ। ਜਿਸ ਤਹਿਤ ਡਰਾਈਵਰਾਂ ਦਾ ਟਰੱਕ ਚਲਾਉਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇਗਾ ਅਤੇ ਟਰੱਕਾਂ ਵਿੱਚ ਏ.ਸੀ. ਵੀ ਲਗਾਏ ਜਾਣਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸਾਂਝੀ ਕੀਤੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜਲਦ ਹੀ ਟਰੱਕ ਡਰਾਈਵਰਾਂ ਦੇ ਕੈਬਿਨ ਵਿੱਚ ਏਸੀ ਲਗਾਉਣਾ ਵੀ ਲਾਜ਼ਮੀ ਕਰ ਦਿੱਤਾ ਜਾਵੇਗਾ। ਇੰਨਾਂ ਹੀ ਇਸ ਦੌਰਾਨ ਟਰੱਕ ਡਰਾਈਵਰਾਂ ਦੇ ਡਿਊਟੀ ਦੇ ਘੰਟੇ ਨਿਸ਼ਚਿਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਦੱਸ ਦੇਈਏ ਕੇਂਦਰੀ ਮੰਤਰੀ ਗਡਕਰੀ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੱਡਾ ਦਾਅਵਾ ਕੀਤਾ ਹੈ।
ਹਾਲਾਂਕਿ ਇਹ ਕਦੋਂ ਲਾਗੂ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਸਮਾਗਮ ਵਿੱਚ ਆਉਣ ਤੋਂ ਪਹਿਲਾਂ ਮੈਂ ਟਰੱਕ ਡਰਾਈਵਰਾਂ ਦੇ ਕੈਬਿਨਾਂ ਵਿੱਚ ਏਸੀ ਲਾਜ਼ਮੀ ਕਰਨ ਸਬੰਧੀ ਫਾਈਲਾਂ ’ਤੇ ਦਸਤਖ਼ਤ ਕੀਤੇ ਹਨ। ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਟਰੱਕ ਡਰਾਈਵਰਾਂ ਦਾ ਧਿਆਨ ਰੱਖਦੇ ਹਾਂ। ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਟਰੱਕ ਡਰਾਈਵਰ ਆਪਣੀ ਕੰਪਨੀ ਦੇ ਟੀਚੇ ਨੂੰ ਪੂਰਾ ਕਰਨ ਜਾਂ ਮਾਲ ਸਪਲਾਈ ਕਰਨ ਦੇ ਦਬਾਅ ਹੇਠ ਕਈ-ਕਈ ਘੰਟੇ ਟਰੱਕ ਚਲਾਉਂਦੇ ਹਨ। ਕਈ ਡਰਾਈਵਰ ਤਾਂ ਪੂਰੀ ਰਾਤ ਟਰੱਕ ਚਲਾਉਣ ‘ਤੇ ਹੀ ਕੱਢ ਦਿੰਦੇ ਹਨ। ਇਸ ਕਾਰਨ ਸੜਕੀ ਹਾਦਸਿਆਂ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਅਸੀਂ ਟਰੱਕ ਡਰਾਈਵਰਾਂ ਦਾ ਡਿਊਟੀ ਸਮਾਂ ਵੀ ਫਿਕਸ ਕਰਨ ਦੀ ਯੋਜਨਾ ਬਣਾ ਰਹੇ ਹਾਂ। ਤਾਂ ਜੋ ਸੜਕਾਂ ‘ਤੇ ਅਜਿਹੇ ਹਾਦਸੇ ਨਾ ਵਾਪਰਨ।