ਬੁੱਧਵਾਰ ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਦਿਲੀਪ ਕੁਮਾਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਬਿਮਾਰ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਬਾਲੀਵੁੱਡ ਦੇ ਟ੍ਰੇਜੇਡੀ ਕਿੰਗ ਨੇ ਆਖਰੀ ਸਾਹ ਲਏ ਹਨ। ਦਿਲੀਪ ਕੁਮਾਰ ਨੇ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਖਾਰ ਹਿੰਦੁਜਾ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ। ਹਸਪਤਾਲ ਦੇ ਡਾ. ਪਾਰਕਰ ਵੱਲੋਂ ਦਿਲੀਪ ਕੁਮਾਰ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਦੱਸ ਦੇਈਏ ਕਿ ਦਿਲੀਪ ਕੁਮਾਰ ਨੂੰ ਪਿਛਲੇ ਇੱਕ ਮਹੀਨੇ ਵਿੱਚ ਦੋ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । 5 ਜੁਲਾਈ ਨੂੰ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ‘ਤੇ ਉਨ੍ਹਾਂ ਦੀ ਸਿਹਤ ਬੱਰ ਜਾਣਕਾਰੀ ਸਾਂਝੀ ਕੀਤੀ ਗਈ ਸੀ । ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਦਿਲੀਪ ਕੁਮਾਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ । ਉਹ ਹਾਲੇ ਵੀ ਹਸਪਤਾਲ ਵਿੱਚ ਹਨ। ਪਰ ਸਿਹਤ ਦੇ ਇਸ ਅਪਡੇਟ ਤੋਂ ਦੋ ਦਿਨ ਬਾਅਦ ਹੀ ਦਿਲੀਪ ਕੁਮਾਰ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਦਿਲੀਪ ਕੁਮਾਰ ਦੇ ਦੇਹਾਂਤ ਨਾਲ ਬਾਲੀਵੁੱਡ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਅਤੇ ਕਈ ਦਿੱਗਜ ਉਨ੍ਹਾਂ ਨੂੰ ਨਮਨ ਕਰ ਰਹੇ ਹਨ।