ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਨੂੰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਦੀ ਪੇਸ਼ੀ ਬਾਰੇ ਉਨ੍ਹਾਂ ਦੇ ਵਕੀਲ ਵਿਸ਼ਾਲ ਚੋਪੜਾ ਨੇ ਕੱਲ੍ਹ ਲਾਈਵ ਹੋ ਕੇ ਕਿਹਾ ਸੀ ਕਿ ਲਾਰੇਂਸ ਦੀ ਜਾਨ ਨੂੰ ਖ਼ਤਰਾ ਹੈ। ਵਕੀਲ ਵਿਸ਼ਾਲ ਨੇ ਪੰਜਾਬ ਪੁਲੀਸ ’ਤੇ ਦੋਸ਼ ਲਾਇਆ ਸੀ ਕਿ ਪੁਲਿਸ ਲਾਰੈਂਸ ਦਾ ਫਰਜ਼ੀ ਮੁਕਾਬਲਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਵਕੀਲ ਵਿਸ਼ਾਲ ਨੇ ਕਿਹਾ ਸੀ ਕਿ ਲਾਰੈਂਸ ਦੀ ਸੁਰੱਖਿਆ ‘ਚ ਢਿੱਲ ਦਿੱਤੀ ਜਾਵੇਗੀ ਤਾਂ ਜੋ ਦੁਸ਼ਮਣ ਗੈਂਗ ਨੂੰ ਲਾਰੈਂਸ ‘ਤੇ ਹਮਲਾ ਕਰਨ ਦਾ ਮੌਕਾ ਮਿਲ ਸਕੇ। ਵਕੀਲ ਵਿਸ਼ਾਲ ਦਾ ਦੋਸ਼ ਹੈ ਕਿ ਪਿਛਲੇ 12 ਦਿਨਾਂ ਤੋਂ ਪੁਲਿਸ ਨੇ ਝੂਠੀ ਐਫਆਈਆਰ ਵਿੱਚ ਲਾਰੈਂਸ ਦਾ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲਾਰੈਂਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਪੁਲੀਸ ਵੱਲੋਂ ਉਸ ਨਾਲ ਕੁੱਝ ਅਣਸੁਖਾਵਾਂ ਵਾਪਰੇਗਾ।
ਵਕੀਲ ਵਿਸ਼ਾਲ ਨੇ ਕਿਹਾ ਕਿ ਪੰਜਾਬ ਪੁਲਿਸ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਲਾਰੈਂਸ ਨੇ ਇੱਕ ਸਕੀਮ ਤਹਿਤ ਉਥੇ ਕੁੱਝ ਏਜੰਸੀ ਦੇ ਲੋਕਾਂ ਨਾਲ ਆਪਣੇ ਹੀ ਬੰਦਿਆਂ ਨੂੰ ਸ਼ਾਮਿਲ ਕਰਕੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਵਕੀਲ ਵਿਸ਼ਾਲ ਨੇ ਕਿਹਾ ਸੀ ਕਿ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਇਨਪੁਟ ਦੇ ਦਿੱਤੇ ਹਨ ਕਿ ਲਾਰੈਂਸ ਦੀ ਜਾਨ ਨੂੰ ਖ਼ਤਰਾ ਹੈ ਜਦੋਂ ਵੀ ਉਹ ਕਿਸੇ ਵੀ ਅਦਾਲਤ ਵਿੱਚ ਪੇਸ਼ ਹੋਣ ਲਈ ਜਾਵੇਗਾ। ਦੱਸ ਦੇਈਏ ਕਿ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਨੂੰ 13 ਜੂਨ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ।
ਲਾਰੈਂਸ ਗੈਂਗ 5 ਦੇਸ਼ਾਂ ਅਤੇ 7 ਰਾਜਾਂ ਵਿੱਚ ਸਰਗਰਮ ਪਾਇਆ ਗਿਆ ਹੈ। ਲਾਰੈਂਸ ਗੈਂਗ ਦੇ ਗੁੰਡੇ ਭਾਰਤ ਤੋਂ ਇਲਾਵਾ ਕੈਨੇਡਾ, ਦੁਬਈ, ਆਸਟਰੀਆ ਅਤੇ ਮੈਕਸੀਕੋ ਵਿੱਚ ਸਰਗਰਮ ਹਨ। ਇਹ ਗਰੋਹ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮਹਾਰਾਸ਼ਟਰ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹੈ। ਇਸ ਗਰੋਹ ਨਾਲ ਕਰੀਬ 1000 ਲੋਕ ਜੁੜੇ ਹੋਏ ਹਨ। ਜਿਸ ਵਿਚ 700 ਦੇ ਕਰੀਬ ਸ਼ਾਰਪ ਸ਼ੂਟਰ, ਹਥਿਆਰ ਸਪਲਾਈ ਕਰਨ ਵਾਲੇ ਅਤੇ ਰੇਕੀ ਕਰਨ ਵਾਲੇ ਮੁਖ਼ਬਰ ਹਨ।