ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਦਾ ਰਿਮਾਂਡ ਤਿੰਨ ਦਿਨ ਹੋਰ ਵਧਾ ਦਿੱਤਾ ਗਿਆ ਹੈ। ਮੁਕਤਸਰ ਪੁਲਿਸ ਨੇ ਫਿਰੌਤੀ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਨੂੰ ਸੀਜੇਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਪੁਲਿਸ ਨੇ ਲਾਰੈਂਸ ਦਾ 6 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਮੁਕਤਸਰ ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦਿੱਲੀ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿੱਛ ਲਈ ਲਾਰੈਂਸ ਨੂੰ ਦਿੱਲੀ ਲੈ ਗਈ ਸੀ। ਉਹ ਬੀਤੀ 8 ਦਸੰਬਰ ਤੱਕ ਦਿੱਲੀ ਵਿੱਚ ਸੀ। ਪਰ ਮੁਕਤਸਰ ਪੁਲਿਸ ਨੇ 8 ਦਸੰਬਰ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਲਾਰੈਂਸ ਦਾ ਟਰਾਂਜ਼ਿਟ ਰਿਮਾਂਡ ਹਾਸਿਲ ਕਰ ਲਿਆ। ਉਸ ਨੂੰ ਫਿਰੌਤੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇਹ ਰਿਮਾਂਡ ਥਾਣਾ ਸਿਟੀ ਵਿੱਚ ਦਰਜ ਐਫਆਈਆਰ ਨੰਬਰ 67 ਦੇ ਆਧਾਰ ’ਤੇ ਹਾਸਿਲ ਕੀਤਾ ਹੈ। 22 ਮਾਰਚ 2021 ਨੂੰ ਇੱਕ ਵਿਅਕਤੀ ਨੇ ਥਾਣਾ ਸਿਟੀ ਮੁਕਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਤੋਂ ਤਿੰਨ ਨੰਬਰਾਂ ਤੋਂ ਕਾਲਾਂ ਰਾਹੀਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੈਸੇ ਨਾ ਦੇਣ ‘ਤੇ ਪੁੱਤਰ ਨੂੰ ਮਾਰਨ ਦੀ ਗੱਲ ਕਹੀ ਗਈ। ਧਮਕੀ ਦੇਣ ਵਾਲਾ ਆਪਣੇ ਆਪ ਨੂੰ ਗੈਂਗਸਟਰ ਲਾਰੈਂਸ ਦੱਸ ਰਿਹਾ ਸੀ। ਇਸ ਸਬੰਧੀ ਪੁਲਿਸ ਨੇ ਲਾਰੈਂਸ ਖ਼ਿਲਾਫ਼ ਧਾਰਾ 387, 506 ਤਹਿਤ ਕੇਸ ਦਰਜ ਕੀਤਾ ਸੀ।