ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੇ ਜੇਲ੍ਹ ਅੰਦਰੋਂ ਨਵਾਂ ਇੰਟਰਵਿਊ ਦਿੱਤਾ ਹੈ। ਅਹਿਮ ਗੱਲ ਇਹ ਹੈ ਕਿ ਇਹ ਇੰਟਰਵਿਊ ਪੰਜਾਬ ਪੁਲਿਸ ਦੀ ਉਸ ਪ੍ਰੈੱਸ ਕਾਨਫਰੈਂਸ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਕੀਤੀ ਗਈ। ਇੱਕ ਖਾਸ ਗੱਲ ਇਹ ਵੀ ਹੈ ਕਿ ਨਵੀਂ ਇੰਟਰਵਿਊ ‘ਚ ਲਾਰੈਂਸ ਉਸੇ ਸੰਤਰੀ ਟੀ-ਸ਼ਰਟ ਅਤੇ ਲੁੱਕ ‘ਚ ਨਜ਼ਰ ਆ ਰਿਹਾ ਹੈ, ਜਿਸ ਦੀ ਤਸਵੀਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 16 ਮਾਰਚ ਨੂੰ ਚੰਡੀਗੜ੍ਹ ‘ਚ ਮੀਡੀਆ ਦੇ ਸਾਹਮਣੇ ਖੁਦ ਜਾਰੀ ਕੀਤੀ ਸੀ। ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇਹ ਫੋਟੋ 16 ਮਾਰਚ ਨੂੰ ਹੀ ਬਠਿੰਡਾ ਜੇਲ੍ਹ ਵਿੱਚ ਲਈ ਗਈ ਸੀ।
ਛੋਟੇ ਵਾਲਾਂ ਅਤੇ ਕੱਟੀ ਹੋਈ ਦਾੜ੍ਹੀ ਵਿੱਚ ਨਜ਼ਰ ਆ ਰਹੇ ਲਾਰੈਂਸ ਨੇ ਖੁਦ ਮੰਨਿਆ ਕਿ ਜੇਲ੍ਹ ਵਿੱਚ ਉਸ ਨੂੰ ਮੋਬਾਈਲ ਆਰਾਮ ਨਾਲ ਮਿਲਦਾ ਹੈ। ਇੰਟਰਵਿਊ ‘ਚ ਲਾਰੈਂਸ ਨੂੰ ਹੱਸਦੇ ਅਤੇ ਨਿਡਰ ਹੋ ਕੇ ਗੱਲ ਕਰਦੇ ਦੇਖਿਆ ਗਿਆ। ਉਸ ਨੇ ਜੇਲ੍ਹ ਵਿੱਚ ਆਪਣੀ ਬੈਰਕ ਵੀ ਦਿਖਾਈ ਹੈ। ਇਸ ਵਾਰ ਲਾਰੈਂਸ ਨੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸ਼ੁਰੂ ਹੋਏ ਝਗੜੇ ਬਾਰੇ ਵੀ ਗੱਲ ਕੀਤੀ ਹੈ। ਪਹਿਲੀ ਇੰਟਰਵਿਊ 14 ਮਾਰਚ ਨੂੰ ਸਾਹਮਣੇ ਆਉਣ ਤੋਂ ਬਾਅਦ, ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਕਿਉਂਕਿ ਲਾਰੈਂਸ ਨੇ ਜੱਗੂ ਨਾਲ ਸ਼ੁਰੂ ਹੋਏ ਵਿਵਾਦ ਬਾਰੇ ਗੱਲ ਨਹੀਂ ਕੀਤੀ, ਇਸ ਲਈ ਉਸ ਦਾ ਇੰਟਰਵਿਊ ਪੁਰਾਣਾ ਹੈ। ਇਨ੍ਹਾਂ ਦਾਅਵਿਆਂ ਦੀ ਅਸਲੀਅਤ ਨਵੀਂ ਇੰਟਰਵਿਊ ‘ਚ ਸਭ ਦੇ ਸਾਹਮਣੇ ਆ ਗਈ।
14 ਮਾਰਚ ਨੂੰ ਲਾਰੈਂਸ ਦੀ ਪਹਿਲੀ ਇੰਟਰਵਿਊ ਤੋਂ ਦੋ ਦਿਨ ਬਾਅਦ 16 ਮਾਰਚ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਵਿੱਚ ਮੀਡੀਆ ਨੂੰ ਬੁਲਾ ਕੇ ਪੁਲਿਸ ਦਾ ਪੱਖ ਪੇਸ਼ ਕੀਤਾ ਸੀ। ਸਕਰੀਨ ’ਤੇ ਫੋਟੋਆਂ ਦਿਖਾਉਂਦੇ ਹੋਏ ਲਾਰੈਂਸ ਦੇ ਸਰੀਰ, ਵਧੀ ਹੋਈ ਦਾੜ੍ਹੀ ਅਤੇ ਪੀਲੀ ਟੀ-ਸ਼ਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਨਹੀਂ ਹੋਈ। ਤਲਾਸ਼ੀ ਦੌਰਾਨ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਕੋਲੋਂ ਪੁਲਿਸ ਨੂੰ ਕੋਈ ਪੀਲੀ ਟੀ-ਸ਼ਰਟ ਨਹੀਂ ਮਿਲੀ ਸੀ।
ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਪੰਜਾਬ ਦੀ ਬਠਿੰਡਾ ਹਾਈ ਸਕਿਓਰਿਟੀ ਜੇਲ੍ਹ ਦੇ ਇੱਕ ਅਲੱਗ ਸੈੱਲ ਵਿੱਚ ਬੰਦ ਹੈ ਜਿੱਥੇ ਹਾਈ-ਟੈਕ ਜੈਮਰ ਲਗਾਏ ਗਏ ਹਨ ਅਤੇ ਜੋ ਸੰਚਾਰ ਦੇ ਮਾਮਲੇ ਵਿੱਚ ਡੈੱਡ ਜ਼ੋਨ ਵਿੱਚ ਆਉਂਦਾ ਹੈ। ਉੱਥੇ ਦਾ ਜੇਲ੍ਹ ਸਟਾਫ ਰੋਜ਼ਾਨਾ 3 ਤੋਂ 4 ਵਾਰ ਮੋਬਾਈਲ ਸਿਗਨਲ ਚੈੱਕ ਕਰਦਾ ਹੈ। ਇਨ੍ਹਾਂ ਦਾਅਵਿਆਂ ਤੋਂ ਕੁੱਝ ਘੰਟਿਆਂ ਬਾਅਦ ਆਈ ਲਾਰੈਂਸ ਦੀ ਨਵੀਂ ਵੀਡੀਓ ਇੰਟਰਵਿਊ ਨੇ ਫਿਰ ਇੱਕ ਵਾਰ ਵੱਡੇ ਸਵਾਲ ਖੜ੍ਹੇ ਦਿੱਤੇ ਨੇ। ਨਵੀਂ ਇੰਟਰਵਿਊ ਵਿੱਚ ਲਾਰੈਂਸ ਨੇ ਕਿਹਾ ਕਿ ਉਹ ਰਾਤ ਨੂੰ ਜੇਲ੍ਹ ਦੇ ਅੰਦਰੋਂ ਗੱਲ ਕਰ ਰਿਹਾ ਹੈ। ਰਾਤ ਨੂੰ ਗਾਰਡ ਘੱਟ ਆਉਂਦੇ ਹਨ, ਇਸ ਲਈ ਉਹ ਗੱਲ ਕਰਨ ਦੇ ਯੋਗ ਹੈ।
ਇਸ ਇੰਟਰਵਿਊ ‘ਚ ਗੈਂਗਸਟਰ ਲਾਰੈਂਸ ਨੇ ਇੱਕ ਵਾਰ ਫਿਰ ਕਿਹਾ ਕਿ ਉਹ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਲਾਰੈਂਸ ਨੇ ਕਿਹਾ ਕਿ ਉਸ ਦਾ ਜਿਉਣ ਦਾ ਇੱਕ ਹੀ ਮਕਸਦ ਹੈ ਅਤੇ ਉਹ ਹੈ ਹਿਰਨ ਦਾ ਸ਼ਿਕਾਰ ਕਰਕੇ ਉਨ੍ਹਾਂ ਦੇ ਸਮਾਜ ਨੂੰ ਅਪਮਾਨਿਤ ਕਰਨ ਵਾਲੇ ਸਲਮਾਨ ਨੂੰ ਮਾਰਨਾ। ਉਨ੍ਹਾਂ ਦਾ ਸਮਾਜ ਹਿਰਨ ਪਾਲਦਾ ਹੈ ਅਤੇ ਸਲਮਾਨ ਨੇ ਇਸ ਦਾ ਸ਼ਿਕਾਰ ਕਰਕੇ ਪੂਰੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਲਾਰੈਂਸ ਨੇ ਕਿਹਾ ਕਿ ਸਲਮਾਨ ਖਾਨ ਦੀ ਜ਼ਿਆਦਾ ਪੁਲਿਸ ਸੁਰੱਖਿਆ ਕਾਰਨ ਉਨ੍ਹਾਂ ਨੂੰ ਮਾਰਨ ਦਾ ਮੌਕਾ ਨਹੀਂ ਮਿਲ ਰਿਹਾ। ਉਹ ਨਹੀਂ ਚਾਹੁੰਦਾ ਕਿ ਪੁਲਿਸ ਨਾਲ ਕੋਈ ਝਗੜਾ ਹੋਵੇ। ਜਿਸ ਦਿਨ ਸਲਮਾਨ ਖਾਨ ਦੇ ਨਾਲ ਪੁਲਿਸ ਵਾਲੇ ਨਹੀਂ ਮਿਲੇ ਜਾਂ ਹਟਾਏ ਗਏ, ਉਹ ਆਪਣੀ ਯੋਜਨਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਲਾਰੈਂਸ ਨੇ ਕਿਹਾ ਕਿ 20 ਸਾਲਾਂ ਤੋਂ ਸਲਮਾਨ ਖਾਨ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਲਾਰੈਂਸ ਨੇ ਕਿਹਾ ਕਿ ਹੁਣ ਵੀ ਜੇਕਰ ਸਲਮਾਨ ਉਨ੍ਹਾਂ ਦੇ ਭਾਈਚਾਰੇ ਤੋਂ ਮਾਫੀ ਮੰਗਦੇ ਹਨ ਤਾਂ ਮਾਮਲਾ ਖਤਮ ਹੋ ਜਾਵੇਗਾ। ਲਾਰੈਂਸ ਨੇ ਹੱਸਦੇ ਹੋਏ ਕਿਹਾ ਕਿ ਸਲਮਾਨ ਖਾਨ ਨੂੰ ਮਾਰਨ ਤੋਂ ਬਾਅਦ ਹੀ ਉਹ ਅਸਲੀ ਗੁੰਡਾ ਬਣੇਗਾ।
ਲਾਰੈਂਸ ਨੇ ਕਿਹਾ ਕਿ ਉਸ ਨੂੰ ਜਾਂ ਉਸ ਦੇ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕੋਈ ਧਮਕੀ ਨਹੀਂ ਦਿੱਤੀ। ਬਲਕੌਰ ਸਿੰਘ ਨੂੰ ਮਿਲੀਆਂ ਤਾਜ਼ਾ ਧਮਕੀਆਂ ਦਾ ਉਸ ਦੇ ਗੈਂਗ ਨਾਲ ਕੋਈ ਸਬੰਧ ਨਹੀਂ ਹੈ। ਕੁਝ ਸਮਾਜ ਵਿਰੋਧੀ ਅਨਸਰ ਉਨ੍ਹਾਂ ਨੂੰ ਬਾਹਰੋਂ ਧਮਕੀਆਂ ਦੇ ਰਹੇ ਹੋਣਗੇ। ਉਹ ਅਜਿਹੀ ਸਸਤੀ ਹਰਕਤ ਕਦੇ ਨਹੀਂ ਕਰੇਗਾ। ਕੁਝ ਲੋਕ ਉਸ ਦਾ ਨਾਂ ਲੈ ਕੇ ਪਬਲਿਕ ਸਿਟੀ ਪਾਉਣਾ ਚਾਹੁੰਦੇ ਹਨ। ਅਜਿਹੇ ਲੋਕ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਜ਼ ਨੂੰ ਵਧਾਉਣਾ ਚਾਹੁੰਦੇ ਹਨ।
ਲਾਰੈਂਸ ਨੇ ਉਸ ਦਾਅਵੇ ਨੂੰ ਵੀ ਝੂਠ ਕਰਾਰ ਦਿੱਤਾ ਹੈ, ਜਿਸ ਵਿੱਚ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਹੋਣ ਦੀ ਗੱਲ ਕੀਤੀ ਗਈ ਸੀ। ਲਾਰੈਂਸ ਨੇ ਦੱਸਿਆ ਕਿ ਉਹ ਗੋਲਡੀ ਨਾਲ ਫੋਨ ‘ਤੇ ਵੀ ਗੱਲ ਕਰਦਾ ਹੈ। ਗੋਲਡੀ ਨੂੰ ਕਿਤੇ ਵੀ ਨਜ਼ਰਬੰਦ ਨਹੀਂ ਕੀਤਾ ਗਿਆ। ਉਹ ਆਪਣਾ ਟਿਕਾਣਾ ਕੈਨੇਡਾ ਜਾਂ ਯੂਰਪ ਦੱਸਦਾ ਹੈ। ਵੈਸੇ ਉਹ ਫੋਨ ‘ਤੇ ਗੋਲਡੀ ਦੀ ਲੋਕੇਸ਼ਨ ਵੀ ਨਹੀਂ ਪੁੱਛਦਾ। ਇਸ ਇੰਟਰਵਿਊ ‘ਚ ਲਾਰੈਂਸ ਨੇ ਨਸ਼ਿਆਂ ਦੇ ਮੁੱਦੇ ‘ਤੇ ਖੁਦ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ। ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਦਾ ਗੈਂਗ ਪੰਜਾਬ ‘ਚ ਨਸ਼ਾ ਤਸਕਰਾਂ ਨੂੰ ਰੋਕੇਗਾ। ਲਾਰੈਂਸ ਨੇ ਕਿਹਾ ਕਿ ਉਹ ਵੀ ਇਸ ਦਾ ਸਮਰਥਨ ਕਰਦਾ ਹੈ। ਉਹ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਵਿੱਚ ਜ਼ਰੂਰ ਯੋਗਦਾਨ ਪਾਉਣਗੇ।
‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਲਾਰੈਂਸ ਨੇ ਕਿਹਾ ਕਿ ਉਹ ਪੰਜਾਬ ਵਿੱਚ ਰੋਟੀਆਂ ਸੇਕ ਰਿਹਾ ਹੈ। ਨਵੀਂ ਇੰਟਰਵਿਊ ਵਿੱਚ ਲਾਰੈਂਸ ਨੇ ਗੋਇੰਦਵਾਲ ਜੇਲ੍ਹ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦੇ ਦੋ ਵਿਅਕਤੀਆਂ ਦੇ ਕਤਲ ਦਾ ਵੀ ਜ਼ਿਕਰ ਕੀਤਾ। ਲਾਰੈਂਸ ਨੇ ਕਿਹਾ ਕਿ ਗੋਲਡੀ ਬਰਾੜ ਅਤੇ ਜੱਗੂ ਵਿਚਕਾਰ ਲੜਾਈ ਅਟਾਰੀ ਵਿੱਚ ਦੋ ਸਾਥੀਆਂ ਦੇ ਐਨਕਾਊਂਟਰ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਜਦੋਂ ਜੱਗੂ ਦੇ ਸਾਥੀਆਂ ਨੇ ਗੋਇੰਦਵਾਲ ਜੇਲ੍ਹ ਵਿੱਚ ਹਮਲਾ ਕੀਤਾ ਤਾਂ ਉਸ ਦੇ ਗਰੋਹ ਦੇ ਮੈਂਬਰਾਂ ਨੇ ਉਨ੍ਹਾਂ ਦੇ ਹਥਿਆਰ ਖੋਹ ਲਏ ਅਤੇ ਬਚਾਅ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ। ਇਸ ਗੈਂਗ ਵਾਰ ਵਿੱਚ ਜੱਗੂ ਗੈਂਗ ਦੇ ਦੋ ਮੈਂਬਰ ਮਨਦੀਪ ਸਿੰਘ ਉਰਫ ਤੂਫਾਨ ਅਤੇ ਮਨਮੋਹਨ ਸਿੰਘ ਉਰਫ ਮੋਹਣਾ ਮਾਰੇ ਗਏ ਸਨ।