ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਨੇ ਜੇਲ੍ਹ ‘ਚੋਂ ਹੀ ਕਤਲ ਦੀ ਯੋਜਨਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਇੱਕ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਸਣੇ ਕਈ ਹੋਰ ਮਾਮਲਿਆਂ ਬਾਰੇ ਵੱਡੇ ਖੁਲਾਸੇ ਕੀਤੇ ਨੇ। ਮੂਸੇਵਾਲਾ ਦੇ ਕਤਲ ਬਾਰੇ ਬਿਸ਼ਨੋਈ ਨੇ ਕਿਹਾ ਕਿ ਹਾਂ, ਇਹ ਕਤਲ ਜ਼ਰੂਰ ਮੇਰੇ ਕਹਿਣ ‘ਤੇ ਹੋਇਆ ਹੈ। ਪਰ ਇਸ ਦੀ ਵਿਉਂਤਬੰਦੀ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਬੈਠ ਕੇ ਕੀਤੀ ਸੀ। ਇਸ ਦੇ ਨਾਲ ਹੀ ਜੇਲ੍ਹ ਤੋਂ ਇੰਟਰਵਿਊ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਜਿਸ ਬਾਰੇ ਪੁੱਛੇ ਜਾਣ ‘ਤੇ ਗੈਂਗਸਟਰ ਬਿਸ਼ਨੋਈ ਨੇ ਕਿਹਾ ਕਿ ਇਹ ਲੂਜ਼ ਪੁਆਇੰਟ ਵਾਲੀ ਗੱਲ ਦਾ ਮਾਮਲਾ ਹੈ। ਫ਼ੋਨ ਤਾਂ ਇਧਰ-ਉਧਰ ਹੋ ਹੀ ਜਾਂਦੇ ਨੇ। ਇਸ ਦੇ ਨਾਲ ਹੀ ਇਹ ਖੁਲਾਸਾ ਵੀ ਕੀਤਾ ਹੈ ਕਿ ਉਸ ਨੂੰ ਪਹਿਲੀ ਵਾਰ ਕਦੋਂ ਕਿੱਥੋਂ ਅਤੇ ਕਿਵੇਂ ਫੜਿਆ ਗਿਆ ਸੀ?
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਸਬੰਧੀ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਭਰਾ ਦੀ ਮੌਤ ਦਾ ਬਦਲਾ ਲਿਆ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਸੀ। ਦੂਜੇ ਪਾਸੇ ਜਦੋਂ ਲਾਰੈਂਸ ਬਿਸ਼ਨੋਈ ਤੋਂ ਮੂਸੇਵਾਲਾ ਦੇ ਕਤਲ ਪਿੱਛੇ ਖਾਸ ਕਾਰਨਾਂ ਬਾਰੇ ਸਵਾਲ ਕੀਤਾ ਗਿਆ ਤਾਂ ਬਿਸ਼ਨੋਈ ਨੇ ਇਸ ‘ਤੇ ਵੀ ਹੈਰਾਨ ਕਰਨ ਵਾਲੇ ਜਵਾਬ ਦਿੱਤੇ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਆਪਣੇ ਗੀਤਾਂ ਵਿੱਚ ਡੌਨ ਵਾਂਗ ਮਹਿਸੂਸ ਕਰਦਾ ਸੀ। ਅਸੀਂ ਸੋਚਦੇ ਸੀ ਕਿ ਉਹ ਡੌਨ ਬਣਨਾ ਚਾਹੁੰਦਾ ਹੈ। ਨਾਲ ਹੀ ਉਸ ਨੇ ਸਾਡੇ ਵਿਰੋਧੀ ਗੈਂਗਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਅਸੀਂ ਉਸ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਬਿਸ਼ਨੋਈ ਨੇ ਕਤਲ ਦੀ ਯੋਜਨਾ ਬਾਰੇ ਵੀ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਅਸੀਂ ਗੋਲਡੀ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਕਤਲ ਦੀ ਯੋਜਨਾ ਬਣਾ ਰਹੇ ਸੀ।
ਬਿਸ਼ਨੋਈ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਰਿਵਾਰ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਸਾਡਾ ਉਸ ਦੇ ਪਰਿਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੂਸੇਵਾਲਾ ਦੇ ਪਿਤਾ ਚੋਣ ਲੜਨਾ ਚਾਹੁੰਦੇ ਹਨ, ਇਸ ਲਈ ਉਹ ਸਾਡੇ ਤੋਂ ਬਦਲਾ ਲੈਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਕਈ ਗਾਇਕਾਂ ਦੇ ਬੇਲੋੜੇ ਨਾਮ ਲਏ ਹਨ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖਾਨ ਨੂੰ ਲੈ ਕੇ ਸਾਡੇ ਸਮਾਜ ‘ਚ ਗੁੱਸਾ ਹੈ। ਉਨ੍ਹਾਂ ਨੇ ਮੇਰੇ ਸਮਾਜ ਨੂੰ ਜ਼ਲੀਲ ਕੀਤਾ ਹੈ। ਸਲਮਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਪਰ ਉਸ ਨੇ ਮੁਆਫ਼ੀ ਨਹੀਂ ਮੰਗੀ। ਸਾਡੇ ਇਲਾਕੇ ਵਿੱਚ ਆ ਕੇ ਹਿਰਨ ਮਾਰਿਆ। ਅਸੀਂ ਚਾਹੁੰਦੇ ਹਾਂ ਸਲਮਾਨ ਖਾਨ ਮੁਆਫੀ ਮੰਗੇ। ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਲਾਰੈਂਸ ਨੇ ਕਿਹਾ ਕਿ ਸਲਮਾਨ ਖਾਨ ਨੇ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ। ਅਸੀਂ ਉਨ੍ਹਾਂ ਨੂੰ ਪ੍ਰਸਿੱਧੀ ਲਈ ਨਹੀਂ ਸਗੋਂ ਮਕਸਦ ਲਈ ਮਾਰਾਂਗੇ।
ਸਲਮਾਨ ਖਾਨ ਬਾਰੇ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਨੇ ਸਾਡੇ ਸਮਾਜ ਤੋਂ ਮੁਆਫੀ ਨਹੀਂ ਮੰਗੀ ਹੈ। ਮੇਰੇ ਮਨ ਵਿਚ ਬਚਪਨ ਤੋਂ ਹੀ ਉਸ ਲਈ ਗੁੱਸਾ ਹੈ। ਜਲਦੀ ਹੀ ਸਲਮਾਨ ਦੇ ਹੰਕਾਰ ਨੂੰ ਤੋੜਾਂਗੇ। ਉਨ੍ਹਾਂ ਨੂੰ ਸਾਡੇ ਇਸ਼ਟ ਦੇ ਮੰਦਰ ਵਿੱਚ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ 2022 ਨੂੰ ਮਾਨੇਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਮੂਸੇਵਾਲਾ ‘ਤੇ AK47 ਅਤੇ ਅਸਾਲਟ ਰਾਈਫਲਾਂ ਨਾਲ ਲਗਾਤਾਰ ਗੋਲੀਬਾਰੀ ਕੀਤੀ ਗਈ ਸੀ। ਕਤਲ ਤੋਂ ਬਾਅਦ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਲੱਗੇ ਸਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਵਾਇਰਲ ਹੋਈ ਸੀ।