ਲੋਕਾਂ ਨੇ ਰਾਤ ਨੂੰ ਖਾਣਾ ਖਾਣ ਦੇ ਤਰੀਕੇ ਵਿੱਚ ਕਈ ਬਦਲਾਅ ਕੀਤੇ ਹਨ ਅਤੇ ਇਹ ਇੱਕ ਤਰ੍ਹਾਂ ਦਾ ਫੈਸ਼ਨ ਵੀ ਬਣ ਗਿਆ ਹੈ। ਪਰ ਇਹ ਬਦਲਾਅ ਗਲਤ ਸਾਬਿਤ ਹੋ ਸਕਦੇ ਹਨ ਅਤੇ ਇਸ ਕਾਰਨ ਸਰੀਰ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਰਾਤ ਦੇ ਖਾਣੇ ਦੇ ਸਮੇਂ ਨਾਲ ਛੇੜਛਾੜ ਕਰਨਾ ਇੱਕ ਤਰ੍ਹਾਂ ਦੀ ਗਲਤੀ ਹੈ। ਸਿਹਤ ਮਾਹਿਰਾਂ ਅਨੁਸਾਰ ਰਾਤ 8 ਵਜੇ ਤੋਂ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਸੌਣ ਅਤੇ ਖਾਣ ਦੇ ਵਿਚਕਾਰ 2 ਘੰਟੇ ਦੇ ਅੰਤਰ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ।
ਦੇਰ ਨਾਲ ਖਾਣਾ ਖਾਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਜੇਕਰ ਇਹ ਆਦਤ ਬਣ ਜਾਵੇ ਤਾਂ ਸਮੱਸਿਆਵਾਂ ਵੱਧ ਸਕਦੀਆਂ ਹਨ। ਇਸ ਹਾਲਤ ‘ਚ ਖਾਣਾ ਪਚਦਾ ਨਹੀਂ ਅਤੇ ਭਾਰ ਵੱਧਣ ਦੀ ਸ਼ਿਕਾਇਤ ਹੁੰਦੀ ਹੈ। ਇਸ ਤੋਂ ਇਲਾਵਾ ਦੇਰ ਨਾਲ ਖਾਣਾ ਖਾਣ ਨਾਲ ਨੀਂਦ ਨਾ ਆਉਣਾ ਜਾਂ ਇਨਸੌਮਨੀਆ ਦੀ ਸਮੱਸਿਆ ਹੁੰਦੀ ਹੈ। ਰਾਤ ਨੂੰ ਦੇਰ ਨਾਲ ਖਾਣਾ ਖਾਣ ਦੀ ਆਦਤ ਕਾਰਨ ਰੁਟੀਨ ਵਿਗੜ ਜਾਂਦੀ ਹੈ। ਇਹ ਤਰੀਕਾ ਹਾਈ ਬੀਪੀ, ਖਰਾਬ ਕੋਲੈਸਟ੍ਰੋਲ ਅਤੇ ਸ਼ੂਗਰ ਦਾ ਮਰੀਜ਼ ਵੀ ਬਣਾ ਸਕਦਾ ਹੈ। ਦੇਰ ਨਾਲ ਖਾਣਾ ਖਾਣ ਵਾਲਿਆਂ ਨੂੰ ਪੇਟ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਪੇਟ ਫੁੱਲਣਾ, ਛਾਤੀ ਵਿੱਚ ਜਲਨ, ਐਸੀਡਿਟੀ ਵੀ ਬਣੀ ਰਹਿੰਦੀ ਹੈ। ਭੋਜਨ ਨੂੰ ਹਜ਼ਮ ਕਰਨ ਲਈ ਜਿੰਨਾ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ, ਸਰੀਰ ਲਈ ਓਨਾ ਹੀ ਚੰਗਾ ਹੁੰਦਾ ਹੈ।