ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂ ਰਹੀ ਹੈ। ਟੀਕਾਕਰਨ ਪ੍ਰੋਗਰਾਮ ਵਿੱਚ ਹਰ ਦੇਸ਼ ਨਿਰੰਤਰ ਤੇਜ਼ੀ ਲਿਆ ਰਿਹਾ ਹੈ। ਇਸੇ ਤਹਿਤ ਹੁਣ ਨਿਊਜ਼ੀਲੈਂਡ ਵੀ ਵੈਕਸੀਨੇਸ਼ਨ ਦੇ ਪ੍ਰੋਗਰਾਮ ਵਿੱਚ ਤੇਜੀ ਲਿਆ ਰਿਹਾ ਹੈ।
ਸੋਮਵਾਰ ਨੂੰ ਨਿਊਜ਼ੀਲੈਂਡ ‘ਚ ਫਾਈਜ਼ਰ ਕੋਵਿਡ-19 ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਪਹੁੰਚ ਚੁੱਕੀ ਹੈ। 370,000 ਖੁਰਾਕਾਂ ਪਿਛਲੀਆਂ ਦੋ ਸਮੁੰਦਰੀ ਜ਼ਹਾਜ਼ਾਂ ਰਾਹੀਂ ਭੇਜੀਆਂ ਗਈਆਂ ਖੁਰਾਕਾਂ ਨਾਲੋਂ ਜਿਆਦਾ ਜਲਦੀ ਪਹੁੰਚ ਗਈਆਂ ਹਨ। ਇੱਕ ਬਿਆਨ ਵਿੱਚ ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਇਹ ਮਾਲ ਐਤਵਾਰ ਨੂੰ ਆਇਆ ਸੀ ਅਤੇ ਟੀਕਾਕਰਨ ਕੇਂਦਰਾਂ ਵਿੱਚ ਪਹਿਲਾਂ ਹੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਡੀਐਚਬੀਜ਼ (DHBs ) ਦੀਆਂ ਜ਼ਮੀਨੀ ਟੀਮਾਂ ਆਪਣੇ ਸਟਾਕਾਂ ਦਾ ਪ੍ਰਬੰਧਨ ਕਰ ਰਹੀਆਂ ਹਨ।” ਉਨ੍ਹਾਂ ਕਿਹਾ ਕਿ ਟੀਕੇ ਦੀ ਸਪੁਰਦਗੀ ਜਾਰੀ ਰਹੇਗੀ ਅਤੇ ਜੁਲਾਈ ਦੇ ਆਖਰੀ ਦੋ ਹਫਤਿਆਂ ਵਿੱਚ ਦੋ ਹੋਰ ਵੱਡੀਆਂ ਖੇਪਾਂ ਵੀ ਨਿਊਜ਼ੀਲੈਂਡ ਆਉਣਗੀਆਂ ਜਦਕਿ 1.5 ਮਿਲੀਅਨ ਤੋਂ ਵੱਧ ਖੁਰਾਕਾਂ ਅਗਸਤ ਵਿੱਚ ਆਉਣ ਦੀ ਸੰਭਾਵਨਾ ਹੈ।