ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ਦੇ ਚੋਣ ਭਾਸ਼ਣ ਨੂੰ ਲੈ ਕੇ ਤੰਜ ਕਸਿਆ ਹੈ। ਲਾਲੂ ਯਾਦਵ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਸਵਿਸ ਬੈਂਕਾਂ ਵਿੱਚ ਕਾਲੇ ਧਨ ਦੀ ਵੱਡੀ ਰਕਮ ਜਮ੍ਹਾਂ ਹੈ। ਉਨ੍ਹਾਂ ਨੇ ਹਰੇਕ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਦਾਅਵਾ ਕੀਤਾ ਸੀ। ਮੋਦੀ ਸਰਕਾਰ ਨੇ ਲੋਕਾਂ ਦੇ ਜਨ ਧਨ ਖਾਤੇ ਖੋਲ੍ਹੇ ਸਨ। ਮੈਂ ਵੀ ਉਸ ਪੇਸ਼ਕਸ਼ ਦੇ ਝਾਂਸੇ (ਲਾਲਚ) ਵਿੱਚ ਆ ਗਿਆ ਸੀ ਅਤੇ ਆਪਣੇ ਪਰਿਵਾਰ ਦੇ ਖਾਤੇ ਖੁਲ੍ਹਵਾਏ ਸੀ। ਅਸੀਂ ਪਤੀ-ਪਤਨੀ ਨੇ ਵੀ ਆਪਣਾ ਖਾਤਾ ਖੁਲ੍ਹਵਾਂ ਲਿਆ ਸੀ। ਪਰ ਪੈਸੇ ਨਹੀਂ ਆਏ। ਮਿਲਿਆ ਕੀ? ਇਹ ਤਾਂ ਤੁਸੀਂ ਲੋਕ ਵੀ ਜਾਣਦੇ ਹੋਵੋਗੇ।
ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਨੇ ਦੋ ਦਿਨਾਂ ਆਈਐਨਡੀਆਈਏ ਦੀ ਬੈਠਕ ਤੋਂ ਬਾਅਦ ਮੁੰਬਈ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਬਿਆਨ ਦਿੱਤਾ ਹੈ। ਹੁਣ ਵਿਰੋਧੀ ਧਿਰ ਦੀ ਅਗਲੀ ਮੀਟਿੰਗ ਦਿੱਲੀ ਵਿੱਚ ਹੋਵੇਗੀ। ਹਾਲਾਂਕਿ ਤਰੀਕਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਲਾਲੂ ਯਾਦਵ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਕਿਵੇਂ ਉਹ ਝੂਠ ਬੋਲ ਕੇ ਅਤੇ ਅਫਵਾਹਾਂ ਫੈਲਾ ਕੇ ਸੱਤਾ ‘ਚ ਆਏ ਸਨ। ਉਨ੍ਹਾਂ ਨੇ ਮੇਰੇ ਅਤੇ ਕਈ ਹੋਰ ਸਿਆਸਤਦਾਨਾਂ ਦਾ ਨਾਂ ਲਿਆ ਕਿ ਸਾਡੇ ਕੋਲ ਸਵਿਸ ਬੈਂਕਾਂ ਵਿੱਚ ਪੈਸਾ ਹੈ। ਪੀਐਮ ਮੋਦੀ ਨੇ ਕਿਹਾ ਕਿ ਉਹ ਸੱਤਾ ਵਿੱਚ ਆਉਣਗੇ, ਸਵਿਸ ਬੈਂਕਾਂ ਤੋਂ ਪੈਸਾ ਵਾਪਸ ਲਿਆਉਣਗੇ ਅਤੇ ਉਹ ਪੈਸਾ ਦੇਸ਼ ਦੇ ਲੋਕਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾਉਣਗੇ। ਮੈਂ ਉਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਹੀਂ ਕੀਤਾ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਰਿੰਦਰ ਮੋਦੀ ਕਰ ਰਹੇ ਹਨ ਅਤੇ ਪ੍ਰਚਾਰ ਕਰ ਰਹੇ ਹਨ।