ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਰਾਸ਼ਟਰੀ ਜਨਤਾ ਦਲ ਦੇ ਰਾਸ਼ਟਰੀ ਪ੍ਰਧਾਨ ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਕਿਹਾ, ਮਹਾਤਮਾ ਜੀ ਵਿਆਹ ਕਰਵਾ ਲਓ। ਦਾੜ੍ਹੀ ਵਧਾ ਕੇ ਕਿੱਥੇ ਘੁੰਮ ਰਹੇ ਹੋ? ਸਾਡੀ ਗੱਲ ਤਾਂ ਸੁਣੋ, ਘੱਟੋ-ਘੱਟ ਵਿਆਹ ਤਾਂ ਕਰਵਾ ਲਓ। ਤੁਹਾਡੀ ਮੰਮੀ ਕਹਿੰਦੀ ਸੀ, ਉਹ ਮੇਰੀ ਗੱਲ ਨਹੀਂ ਸੁਣਦਾ, ਤੁਸੀਂ ਵਿਆਹ ਕਰਵਾ ਲਓ।
ਰਾਹੁਲ ਨੇ ਵਿਚਕਾਰ ਹੀ ਕਿਹਾ – ਤੁਸੀਂ ਕਹਿ ਦਿੱਤਾ ਹੁਣ ਹੋ ਜਾਵੇਗੀ। ਇਸ ‘ਤੇ ਲਾਲੂ ਨੇ ਕਿਹਾ- ਪੱਕਾ ਕਰਵਾਉਣਾ ਪਏਗਾ। ਅਜੇ ਸਮਾਂ ਨਹੀਂ ਲੰਘਿਆ। ਵਿਆਹ ਕਰਵਾ ਲਓ, ਅਸੀਂ ਬਰਾਤ ਵਿੱਚ ਜਾਵਾਂਗੇ। ਤੁਹਾਡੀ ਉਮਰ ਕਿੱਥੇ ਬੀਤੀ ਹੈ? ਤੁਸੀਂ ਆਪਣੀ ਦਾੜ੍ਹੀ ਵਧਾ ਲਈ ਹੈ, ਹੁਣ ਇਸਨੂੰ ਕਟਾ ਦਿਓ। ਇਹ ਹੈ ਨਿਤੀਸ਼ ਜੀ ਦੀ ਰਾਏ, ਦਾੜ੍ਹੀ ਛੋਟੀ ਕਰ ਲਓ।
ਇਹ ਸੁਣ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਸਮੇਤ ਵਿਰੋਧੀ ਧਿਰ ਦੇ ਸਾਰੇ ਨੇਤਾ ਹੱਸਣ ਲੱਗੇ। ਪ੍ਰੈੱਸ ਕਾਨਫਰੰਸ ‘ਚ ਲਾਲੂ ਆਪਣੇ ਪੁਰਾਣੇ ਅੰਦਾਜ਼ ‘ਚ ਨਜ਼ਰ ਆਏ। ਲਾਲੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਦਾ ਦੌਰਾ ਕੀਤਾ, ਚੰਗਾ ਕੰਮ ਕੀਤਾ। ਉਸ ਨੇ ਅਡਾਨੀ ਦੇ ਮਾਮਲੇ ਵਿੱਚ ਲੋਕ ਸਭਾ ਵਿੱਚ ਵੀ ਚੰਗਾ ਕੰਮ ਕੀਤਾ।