ਹਾਈ ਪ੍ਰੋਫਾਈਲ ਲਖੀਮਪੁਰ ਖੀਰੀ ਮਾਮਲੇ ‘ਚ ਤਿੰਨ ਮਹੀਨਿਆਂ ਬਾਅਦ ਵੱਡਾ ਫੇਰਬਦਲ ਸਾਹਮਣੇ ਆਇਆ ਹੈ। ਜਾਂਚ ਟੀਮ ਨੇ ਮਾਮਲੇ ਵਿੱਚ ਨਵੀਆਂ ਧਾਰਾਵਾਂ ਦਾ ਵਾਧਾ ਕਰਦਿਆਂ ਇਸ ਕੇਸ ਨੂੰ ਦੁਰਘਟਨਾ ਦਾ ਨਹੀਂ ਸਗੋਂ ਜਾਣਬੁੱਝ ਕੇ ਕੀਤਾ ਗਿਆ ਕਤਲ ਭਾਵ ਸੋਚੀ ਸਮਝੀ ਸਾਜਿਸ਼ ਦੱਸਿਆ ਹੈ। ਹੁਣ ਤੱਕ ਐਸਆਈਟੀ ਐਕਸੀਡੈਂਟ ਕੇਸ ਦੇ ਨਾਲ-ਨਾਲ ਹੱਤਿਆ ਦੀਆਂ ਧਾਰਾਵਾਂ ਨੂੰ ਇੱਕ ਵਿਕਲਪ ਵਜੋਂ ਲੈ ਕੇ ਮੈਦਾਨ ਵਿੱਚ ਸੀ, ਜਦਕਿ ਸੋਮਵਾਰ ਨੂੰ ਐਸਆਈਟੀ ਦੇ ਮੁੱਖ ਜਾਂਚਕਰਤਾ ਵਿਦਿਆਰਾਮ ਦਿਵਾਕਰ ਨੇ ਸਪੱਸ਼ਟ ਕੀਤਾ ਕਿ ਨੇੜਿਓਂ ਜਾਂਚ ਕਰਨ ‘ਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਹਾਦਸਾ ਨਹੀਂ ਹੈ, ਸਗੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੂੰ ਕੁਚਲਣ, ਕਤਲ ਦਾ ਸਪੱਸ਼ਟ ਮਾਮਲਾ ਹੈ। ਇਸ ਲਈ ਕੇਸ ਨੂੰ ਬਦਲਦੇ ਹੋਏ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਨਾਲ-ਨਾਲ ਵੱਖ-ਵੱਖ ਧਾਰਾਵਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਐਸਆਈਟੀ ਨੇ ਆਈਪੀਸੀ ਦੀਆਂ ਧਾਰਾਵਾਂ 279, 338, 304ਏ ਹਟਾ ਦਿੱਤੀਆਂ ਹਨ ਅਤੇ 307, 326, 302, 34,120 ਬੀ, 147, 148,149, 3/25/30 ਲਗਾਈਆਂ ਹਨ। ਦੱਸ ਦਈਏ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਤੇਜ਼ ਰਫਤਾਰ suv ਕਾਰ ‘ਚ ਚੜ੍ਹਾ ਦਿੱਤਾ ਸੀ। ਇਸ ਵਿੱਚ ਚਾਰ ਕਿਸਾਨਾਂ, ਇੱਕ ਪੱਤਰਕਾਰ ਸਮੇਤ ਕੁੱਲ 8 ਲੋਕਾਂ ਦੀ ਜਾਨ ਚਲੀ ਗਈ ਸੀ। ਕਿਸਾਨਾਂ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਆਸ਼ੀਸ਼ ਮਿਸ਼ਰਾ ਦਾ ਨਾਮ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਸ਼ਾਂਤਮਈ ਮਾਰਚ ਦੌਰਾਨ ਆਸ਼ੀਸ਼ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਲੋਕਾਂ ਨੂੰ ਕੁਚਲਦਾ ਹੋਇਆ ਅੱਗੇ ਲੰਘ ਗਿਆ ਸੀ।