ਲੱਦਾਖ ਦੇ ਤੁਰਤੁਕ ਸੈਕਟਰ (Turtuk Sector) ਵਿੱਚ ਇੱਕ ਸੜਕ ਹਾਦਸੇ ਵਿੱਚ ਭਾਰਤੀ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਹਨ। ਹੋਰ ਜਵਾਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੌਰਾਨ ਗੱਡੀ ਵਿੱਚ ਕੁੱਲ 26 ਜਵਾਨ ਸਵਾਰ ਸਨ। ਜਦਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੈਨਿਕਾਂ ਨੂੰ ਭਾਰਤੀ ਹਵਾਈ ਸੈਨਾ ਦੀ ਮਦਦ ਨਾਲ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ, “ਜ਼ਖਮੀਆਂ ਨੂੰ ਵਧੀਆ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਵਿੱਚ ਵਧੇਰੇ ਗੰਭੀਰ ਜ਼ਖ਼ਮੀਆਂ ਨੂੰ ਹਵਾਈ ਸੈਨਾ ਦੀ ਮਦਦ ਨਾਲ ਪੱਛਮੀ ਕਮਾਂਡ ਵਿੱਚ ਲਿਜਾਣਾ ਸ਼ਾਮਿਲ ਹੈ।”
ਇਹ ਘਟਨਾ ਉਦੋਂ ਵਾਪਰੀ ਜਦੋਂ 26 ਜਵਾਨ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਸਬ ਸੈਕਟਰ ਹਨੀਫ ਵੱਲ ਵੱਧ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਥੋਇਸ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਗੱਡੀ ਅਚਾਨਕ ਸੜਕ ਤੋਂ ਫਿਸਲ ਗਈ ਅਤੇ ਕਰੀਬ 50-60 ਫੁੱਟ ਦੀ ਡੂੰਘਾਈ ‘ਤੇ ਸ਼ਿਓਕ ਨਦੀ ‘ਚ ਜਾ ਡਿੱਗੀ। ਇਸ ਹਾਦਸੇ ‘ਚ ਗੱਡੀ ‘ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਸਾਰੇ ਜਵਾਨਾਂ ਨੂੰ ਪਰਤਾਪੁਰ ਦੇ 403 ਫੀਲਡ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਲੇਹ ਤੋਂ ਸਰਜੀਕਲ ਟੀਮਾਂ ਨੂੰ ਪਰਤਾਪੁਰ ਭੇਜਿਆ ਗਿਆ ਹੈ। ਹੁਣ ਤੱਕ ਸੱਤ ਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਜਵਾਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫੌਜ ਦੀ ਗੱਡੀ ਕਿਸ ਕਾਰਨਾਂ ਕਰਕੇ ਸੜਕ ਤੋਂ ਫਿਸਲ ਕੇ ਨਦੀ ਵਿੱਚ ਜਾ ਡਿੱਗੀ, ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ।