ਸੰਸਦ ਮੈਂਬਰ ਗੌਰਵ ਸ਼ਰਮਾ ਦੀ ਕਿਸਮਤ ਤੈਅ ਕਰਨ ਵਾਲੀ ਲੇਬਰ ਪਾਰਟੀ ਦੀ ਵਿਸ਼ੇਸ਼ ਕਾਕਸ ਮੀਟਿੰਗ ਅੱਜ ਹੋਣੀ ਹੈ। ਸ਼ਰਮਾ ਨੇ ਵੱਡੇ ਪੱਧਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ, ਇਸ ਵਿਚਕਾਰ ਅੱਜ ਦੁਪਹਿਰ 2.30 ਵਜੇ ਦੇ ਕਰੀਬ ਗੌਰਵ ਸ਼ਰਮਾ ਨੂੰ ਜ਼ੂਮ ਰਾਹੀਂ ਹੋਣ ਵਾਲੀ ਮੀਟਿੰਗ ਲਈ ਬੁਲਾਇਆ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਮੀਟਿੰਗ ਦੀ ਸਮਾਪਤੀ ‘ਤੇ ਇੱਕ ਨਿਊਜ਼ ਕਾਨਫਰੰਸ ਵੀ ਕਰਨਗੇ। ਆਡਰਨ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਮੀਟਿੰਗ ਹੈਮਿਲਟਨ ਵੈਸਟ ਐਮਪੀ ਦੇ ਆਲੇ ਦੁਆਲੇ ਦੇ ਮੁੱਦਿਆਂ ਦੇ “seek resolution” ਲਈ ਆਯੋਜਿਤ ਕੀਤੀ ਜਾਵੇਗੀ।
“ਇਹ ਇੱਕ ਕਾਕਸ ਹੈ, ਸਾਡੇ ਕੋਲ ਲਾਜ਼ਮੀ ਤੌਰ ‘ਤੇ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਹੋਣ ਦਾ ਮੌਕਾ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਉਹ “ਸੱਚਮੁੱਚ ਆਪਣੇ ਸਾਥੀਆਂ ਦੀ ਕਿਸੇ ਵੀ ਚਿੰਤਾ ਨੂੰ ਸੁਣਨਾ ਚਾਹੁੰਦੇ ਹਨ” ਅਤੇ “ਕੁਦਰਤੀ ਨਿਆਂ ਲਈ ਬੇਸ਼ਕ ਗੌਰਵ ਸ਼ਰਮਾ ਉਸ ਮੀਟਿੰਗ ਦਾ ਹਿੱਸਾ ਹੋਣਗੇ। ਇਹ ਮਾਮਲਾ ਉਦੋਂ ਆਇਆ ਹੈ ਜਦੋਂ ਸ਼ਰਮਾ ਨੇ ਕੱਲ੍ਹ ਉਸ ਸਮੇਂ ਫੇਸਬੁੱਕ ‘ਤੇ ਨਵੇਂ ਦੋਸ਼ ਲਗਾਏ ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਆਪਣੀ ਹਫਤਾਵਾਰੀ ਮੀਡੀਆ ਕਾਨਫਰੰਸ ਕਰ ਰਹੀ ਸੀ।
ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੌਰਵ ਸ਼ਰਮਾ ਵਲੋਂ ਆਪਣੀ ਹੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ‘ਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਾਏ ਗਏ ਸਨ। ਗੌਰਵ ਸ਼ਰਮਾ ਨੇ ਜਿੱਥੇ ਐਨ ਜੈਡ ਹੈਰਲਡ ਵਿੱਚ ਪਾਰਲੀਮੈਂਟਰੀ ਸਰਵਿਸਜ਼ ‘ਤੇ ਸਾਥੀ ਮੈਂਬਰ ਪਾਰਲੀਮੈਂਟਾਂ ‘ਤੇ ਬੁਲਿੰਗ ਦੇ ਦੋਸ਼ ਲਾਏ ਸਨ, ਉੱਥੇ ਹੀ ਉਨ੍ਹਾਂ ਇੱਕ ਵਿਸਥਾਰ ਨਾਲ ਲਿਖੀ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੂੰ ਗਲਤ ਨਾ ਬਰਦਾਸ਼ਤ ਕਰਨ ਕਰਕੇ ਬਹੁਤ ਜਲੀਲ ਹੋਣਾ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੈ ਕਿ ਜਦੋਂ ਉਨ੍ਹਾਂ ਨੇ ਆਪਣੇ ਦਫਤਰ ਦੇ ਗੈਰ-ਹਾਜਰ ਰਹਿੰਦੇ, ਸ਼ਰਾਬ ਪੀਕੇ ਆਉਂਦੇ ਕਰਮਚਾਰੀਆਂ ਬਾਰੇ ਪਾਰਲੀਮੈਂਟਰੀ ਸਰਵਿਸਜ਼ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਮੈਨੂੰ ਸਾਰੇ ਕਾਕਸ ਸਾਹਮਣੇ ‘ਸ਼ਟ ਅੱਪ’ ਕਿਹਾ ਤੇ ਮੈਨੂੰ ਬਿਲਕੁਲ ਵੀ ਨਾ ਸੁਣਿਆ ਤੇ ਮਾਮਲਾ ਵਿਪ ਹਵਾਲੇ ਕਰ ਦਿੱਤਾ, ਜਿਨ੍ਹਾਂ ਨਾਲ ਵਾਰ-ਵਾਰ ਮੀਟਿੰਗ ਤੋਂ ਬਾਅਦ ਵੀ ਕੁਝ ਨਤੀਜਾ ਹੱਥ ਨਾ ਲੱਗਿਆ। ਹਾਲਾਂਕਿ ਸ਼ਰਮਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਲੇਬਰ ਪਾਰਟੀ ਨੇ ਵਾਰ-ਵਾਰ ਵਿਵਾਦਿਤ ਕਰਾਰ ਦਿੰਦਿਆਂ ਅਤੇ ਰੱਦ ਕੀਤਾ ਹੈ।