ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਆਪਣੀਆਂ ਦੋਵੇਂ ਵਿਧਾਨ ਸਭਾ ਸੀਟਾਂ- ਭਦੌੜ ਅਤੇ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਗਏ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਚੰਨੀ ਨੂੰ ਭਦੌੜ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ 37,558 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਲਾਭ ਸਿੰਘ ਉਗੋਕੇ 2013 ਵਿੱਚ ਵਲੰਟੀਅਰ ਵਜੋਂ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਏ ਸਨ। ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਅਨੁਸਾਰ ਲਾਭ ਸਿੰਘ ਉਗੋਕੇ ਕੋਲ ਸਿਰਫ਼ 75 ਹਜ਼ਾਰ ਰੁਪਏ ਨਕਦ ਹਨ। ਇਸ ਤੋਂ ਇਲਾਵਾ ਉਸ ਕੋਲ 2014 ਮਾਡਲ ਦੀ ਪੁਰਾਣੀ ਸਾਈਕਲ ਅਤੇ ਦੋ ਕਮਰਿਆਂ ਵਾਲਾ ਮਕਾਨ ਹੈ। ਟਿਕਟ ਮਿਲਣ ਤੋਂ ਬਾਅਦ ਲਾਭ ਸਿੰਘ ਉੱਗੋਕੇ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਸਾਡੇ ਪਰਿਵਾਰ ਨੇ ਤਾਂ ਹਮੇਸ਼ਾ ਬੱਸ ਜਾਂ ਰੇਲ ਦੀ ਟਿਕਟ ਹੀ ਮਸਾ ਦੇਖਦੇ ਸੀ, ਐਮਐਲਏ ਦੀ ਟਿਕਟ ਸਾਨੂੰ ਆਮ ਆਦਮੀ ਪਾਰਟੀ ਨੇ ਦੇ ਕੇ ਗਰੀਬਾਂ ਦੀ ਹਤੇਸੀ ਤੇ ਪੰਜਾਬ ਲਈ ਫ਼ਿਕਰਮੰਦ ਦਾ ਹਵਾਲਾ ਦਿੱਤਾ ਸੀ। ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉੱਗੋਕੇ ਨੂੰ ਹਲਕਾ ਭਦੌੜ ਤੋਂ ਹੀ ਨਹੀਂ ਬਲਕਿ ਪੂਰੇ ਪੰਜਾਬ ’ਚ ਮੁਬਾਰਕਵਾਦ ਮਿਲ ਰਹੀ ਹੈ।
ਪੰਜਾਬ ਦੀ ਭਦੌੜ ਵਿਧਾਨ ਸਭਾ ਸੀਟ ਤੋਂ ਸੀ.ਐੱਮ. ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦੇ ਹਨ। ਉਨ੍ਹਾਂ ਦੀ ਮਾਂ ਇੱਕ ਸਰਕਾਰੀ ਸਕੂਲ ਵਿੱਚ ਬਤੌਰ ਸਫ਼ਾਈ ਕਰਮਚਾਰੀ ਕੰਮ ਕਰਦੀ ਹੈ। ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਕਨਵੀਰਨ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਜਿੱਤ ਤੋਂ ਬਾਅਦ ਦਿੱਤੀ ਤੇ ਕਿਹਾ ਕਿ ਇੱਕ ਆਮ ਆਦਮੀ ਸੋਚਦਾ ਹੈ ਕਿ ਉਹ ਕੀ ਕਰ ਸਕਦਾ ਹੈ ਪਰ ਜੇ ਉਹ ਚਾਹੇ ਤਾਂ ਆਮ ਆਦਮੀ ਕੁਝ ਵੀ ਕਰ ਸਕਦਾ ਹੈ।