ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਈਲ ਜੇਮਸਨ ਟੈਸਟ ਕ੍ਰਿਕਟ ਵਿੱਚ ਤਬਾਹੀ ਮਚਾਉਂਦੇ ਹੋਏ ਨਜ਼ਰ ਆ ਰਹੇ ਹਨ। ਲੰਬੇ ਕੱਦ ਦੇ ਜੇਮਸਨ ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਟਿਕਣਾ ਔਖਾ ਹੋ ਗਿਆ ਸੀ। ਜੇਮਸਨ ਦੇ ਤੂਫਾਨ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ 8 ਟੈਸਟ ਮੈਚਾਂ ਵਿੱਚ 14.17 ਦੀ ਔਸਤ ਨਾਲ 46 ਵਿਕਟਾਂ ਹਾਸਿਲ ਕੀਤੀਆਂ ਹਨ। 26 ਸਾਲਾ ਗੇਂਦਬਾਜ਼ ਜੇਮਸਨ ਟੈਸਟ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਰਿਹਾ ਹੈ।
ਜੇਮਸਨ ਨੇ ਇਨ੍ਹਾਂ ਅੱਠ ਮੈਚਾਂ ਦੀਆਂ 16 ਪਾਰੀਆਂ ਵਿੱਚ ਇੱਕ ਵਾਰ 10, ਪੰਜ ਵਾਰ 5 ਅਤੇ ਇੱਕ ਵਾਰ 4 ਵਿਕਟ ਲਏ ਹਨ। ਖਾਸ ਗੱਲ ਇਹ ਹੈ ਕਿ ਜੇਮਸਨ, ਜੋ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਈਪੀਐਲ ਟੀਮ ਆਰਸੀਬੀ ਲਈ ਖੇਡਦਾ ਹੈ, ਉਸ ਨੇ ਹੀ ਕੋਹਲੀ ਨੂੰ ਡਬਲਯੂਟੀਸੀ ਵਿੱਚ ਸ਼ਿਕਾਰ ਬਣਾਇਆ। ਜੇਮਸਨ ਨੇ ਪਹਿਲੀ ਪਾਰੀ ਵਿੱਚ 44 ਦੌੜਾਂ ‘ਤੇ ਖੇਡਦੇ ਸਮੇ ਵਿਰਾਟ ਨੂੰ ਐਲਬੀਡਬਲਯੂ ਕੀਤਾ, ਜਦਕਿ ਦੂਜੀ ਪਾਰੀ ਵਿੱਚ ਜੇਮਸਨ ਨੇ ਆਪਣੀ ਗੇਂਦ ‘ਤੇ ਬੀਜੇ ਵਾਟਲਿੰਗ ਦੇ ਹੱਥੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਜੇਮਸਨ ਨੇ ਡਬਲਯੂਟੀਸੀ ਵਿੱਚ ਕੁੱਲ 7 ਵਿਕਟਾਂ ਲਈਆਂ ਹਨ। ਉਸਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਲਈਆਂ ਸਨ ਅਤੇ ਦੂਜੀ ਵਿੱਚ ਦੋ ਮਹੱਤਵਪੂਰਨ ਵਿਕਟਾਂ ਲਈਆਂ। ਇਸ ਦੇ ਲਈ ਉਸਨੂੰ ਪਲੇਅਰ ਆਫ਼ ਮੈਚ ਚੁਣਿਆ ਗਿਆ ਸੀ।