ਪਿਛਲੇ ਦਿਨੀ ਮਾਓਰੀ ਭਾਈਚਾਰੇ ਦੇ King Tuheitia ਦਾ ਦਿਹਾਂਤ ਹੋ ਗਿਆ ਸੀ। ਜਿਸ ਮਗਰੋਂ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਵਿਚਕਾਰ ਮਾਓਰੀ ਭਾਈਚਾਰੇ ਦੀ ਨਵੀਂ ਰਾਣੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। Kuini Nga Wai Hono i te Po ਨੂੰ ਮਾਓਰੀ ਭਾਈਚਾਰੇ ਦੀ ਨਵੀਂ ਰਾਣੀ ਬਣਾਇਆ ਗਿਆ ਹੈ। ਭਾਈਚਾਰੇ ਦੀ ਨਵੀਂ ਬਣੀ ਰਾਣੀ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਤੇ ਸਮੂਹ ਸਿੱਖ ਭਾਈਚਾਰੇ ਵੱਲੋਂ ਦੁਆਵਾਂ ਤੇ ਵਧਾਈ ਸੰਦੇਸ਼ ਭੇਜਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਪਾਈ ਗਈ ਪੋਸਟ ‘ਚ ਨਵੀਂ ਰਾਣੀ ਦੇ ਚੁਣੇ ਜਾਣ ਨੂੰ ਨਾ ਸਿਰਫ ਮਾਓਰੀ ਭਾਈਚਾਰੇ, ਬਲਕਿ ਸਮੂਹ ਨਿਊਜੀਲੈਂਡ ਵਾਸੀਆਂ ਲਈ ਮੱਹਤਵਪੂਰਨ ਦੱਸਿਆ ਗਿਆ ਹੈ। ਪੋਸਟ ‘ਚ ਅੱਗੇ ਕਿਹਾ ਗਿਆ ਹੈ ਕਿ “ਅਸੀਂ ਇਸ ਮੌਕੇ ਨੂੰ ਸਤਿਕਾਰ ਅਤੇ ਏਕਤਾ ਨਾਲ ਮਨਾਉਂਦੇ ਹਾਂ। ਉਨ੍ਹਾਂ ਦੀ ਅਗਵਾਈ ਮਾਓਰੀ ਲੋਕਾਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਿਆਵੇ ਅਤੇ ਆਟੋਏਰੋਆ ਦੇ ਸਾਰੇ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰੇ।”
