ਸਪਿਨ ਆਲਰਾਊਂਡਰ ਕ੍ਰੂਨਲ ਪਾਂਡਿਆ ਨੂੰ ਕੋਰੋਨਾ ਪੌਜੇਟਿਵ ਪਾਏ ਜਾਣ ਕਾਰਨ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਸਰਾ ਟੀ -20 ਕ੍ਰਿਕਟ ਮੈਚ ਮੰਗਲਵਾਰ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਜਾਣਕਰੀ ਸਾਹਮਣੇ ਆਈ ਹੈ ਕਿ ਕ੍ਰੂਨਲ ਦੇ ਨੇੜਲੇ ਸੰਪਰਕ ਵਿੱਚ ਆਏ ਸਾਰੇ ਖਿਡਾਰੀ ਟੀ -20 ਸੀਰੀਜ਼ ਦੇ ਅਗਲੇ ਦੋ ਮੈਚਾਂ ਵਿੱਚ ਵੀ ਟੀਮ ਵਿੱਚ ਸ਼ਾਮਿਲ ਨਹੀਂ ਹੋਣਗੇ। ਹਾਲਾਂਕਿ, ਇਨ੍ਹਾਂ ਖਿਡਾਰੀਆਂ ਦੇ ਨਾਵਾਂ ਬਾਰੇ ਅਜੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਕੱਲ ਕ੍ਰੂਨਲ ਪਾਂਡਿਆ ਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ, ਉਸ ਦੇ ਨੇੜਲੇ ਸੰਪਰਕ ਵਿੱਚ ਆਏ ਖਿਡਾਰੀਆਂ ਸਣੇ ਟੀਮ ਦੇ ਅੱਠ ਮੈਂਬਰਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਹਾਲਾਂਕਿ, ਟੀਮ ਦੇ ਇਨ੍ਹਾਂ ਸਾਰੇ ਅੱਠ ਮੈਂਬਰਾਂ ਦੀ ਜਾਂਚ ਰਿਪੋਰਟ ਨਕਾਰਾਤਮਕ ਆਈ ਹੈ। ਪਰ ਇਹ ਸਾਰੇ ਖਿਡਾਰੀ ਅਤੇ ਸਟਾਫ ਮੈਂਬਰ ਬਾਕੀ ਟੀਮ ਦੇ ਨਾਲ ਮੈਦਾਨ ‘ਤੇ ਨਹੀਂ ਜਾਣਗੇ। ਟੀ -20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਖੇਡਿਆ ਗਿਆ ਸੀ। ਪਹਿਲੇ ਮੈਚ ਵਿੱਚ ਭਾਰਤ ਨੇ ਜਿੱਤ ਦਰਜ ਕਰ ਲੜੀ ਵਿੱਚ 1-0 ਦੀ ਲੀਡ ਬਣਾਈ ਸੀ।