ਪੰਜਾਬ ਦੇ ਫਰੀਦਕੋਟ ਵਿੱਚ ਕੋਟਕਪੂਰਾ-ਮੋਗਾ ਹਾਈਵੇਅ ‘ਤੇ ਪਿੰਡ ਚੰਦ ਪੁਰਾਣਾ ਵਿਖੇ ਪੀ.ਡੀ. ਅਗਰਵਾਲ ਟੋਲ ਪਲਾਜ਼ਾ ਬੁੱਧਵਾਰ ਸਵੇਰੇ 10 ਵਜੇ ਤੋਂ ਆਵਾਜਾਈ ਲਈ ਮੁਫ਼ਤ ਹੋ ਜਾਵੇਗਾ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਟੋਲ ਪਲਾਜ਼ਾ ‘ਤੇ ਪਹੁੰਚ ਕੇ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨਗੇ। ਇਸ ਗੱਲ ਦੀ ਪੁਸ਼ਟੀ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤੀ ਹੈ।
ਹਾਲਾਂਕਿ ਪਹਿਲਾਂ ਇਸ ਟੋਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ, ਪਰ ਕਾਰਜਕਾਰੀ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੋਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ। ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ ਪੀ.ਡੀ.ਅਗਰਵਾਲ ਟੋਲ ਪਲਾਜ਼ਾ ਹੈ। ਇੱਥੋਂ ਛੋਟੇ ਅਤੇ ਵੱਡੇ ਵਾਹਨ 24 ਘੰਟੇ ਚੱਲਦੇ ਹਨ।
ਇਸ ਟੋਲ ਪਲਾਜ਼ੇ ਤੋਂ ਕੰਪਨੀ ਨੂੰ ਰੋਜ਼ਾਨਾ 4.50 ਲੱਖ ਦੀ ਆਮਦਨ ਹੋ ਰਹੀ ਸੀ। ਇਸ ਦੇ ਬੰਦ ਹੋਣ ਨਾਲ ਪੰਜਾਬ ਦੇ ਡਰਾਈਵਰਾਂ ਨੂੰ ਹੀ ਨਹੀਂ ਸਗੋਂ ਹਰਿਆਣਾ ਅਤੇ ਰਾਜਸਥਾਨ ਦੇ ਡਰਾਈਵਰਾਂ ਨੂੰ ਵੀ ਫਾਇਦਾ ਹੋਵੇਗਾ। ਰਾਜ ਸਰਕਾਰ ਵੱਲੋਂ ਹੁਣ ਤੱਕ ਸੂਬੇ ਦੇ 11 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ। 12ਵਾਂ ਪੀਡੀ ਅਗਰਵਾਲ ਟੋਲ ਪਲਾਜ਼ਾ ਹੋਵੇਗਾ।