ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅੱਜ (6 ਅਪ੍ਰੈਲ) IPL 2023 ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਕੇਕੇਆਰ ਦੇ ਘਰੇਲੂ ਮੈਦਾਨ ਈਡਨ ਗਾਰਡਨ ‘ਤੇ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਕੇਕੇਆਰ ਨੂੰ ਆਪਣੇ ਪਿਛਲੇ ਮੈਚ ‘ਚ ਪੰਜਾਬ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਇਸ ਮੈਚ ‘ਚ ਇਹ ਟੀਮ ਕਿਸੇ ਵੀ ਕੀਮਤ ‘ਤੇ ਜਿੱਤਣਾ ਚਾਹੇਗੀ। ਹਾਲਾਂਕਿ ਚੰਗੀ ਲੈਅ ‘ਚ ਨਜ਼ਰ ਆ ਰਹੀ ਆਰਸੀਬੀ ਖਿਲਾਫ ਇਹ ਜਿੱਤ ਆਸਾਨ ਨਹੀਂ ਹੋਵੇਗੀ।
ਆਰਸੀਬੀ ਨੇ ਆਪਣੇ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਕਰਾਰੀ ਹਾਰ ਦਿੱਤੀ ਸੀ। ਆਰਸੀਬੀ ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ। ਫਾਫ ਡੁਪਲੇਸਿਸ ਅਤੇ ਵਿਰਾਟ ਕੋਹਲੀ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 89 ਗੇਂਦਾਂ ‘ਤੇ 148 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਟੀਮ ਦੇ ਗੇਂਦਬਾਜ਼ ਵੀ ਚੰਗੀ ਲੈਅ ਵਿੱਚ ਨਜ਼ਰ ਆਏ ਸਨ। ਕੇਕੇਆਰ ਅਤੇ ਆਰਸੀਬੀ ਵਿਚਾਲੇ ਹੁਣ ਤੱਕ 31 ਮੈਚ ਖੇਡੇ ਗਏ ਹਨ। ਇੱਥੇ ਆਰਸੀਬੀ ਨੇ 14 ਮੈਚ ਜਿੱਤੇ ਹਨ ਅਤੇ ਕੇਕੇਆਰ ਨੇ 17 ਮੈਚ ਜਿੱਤੇ ਹਨ। ਯਾਨੀ ਕੇਕੇਆਰ ਦੀ ਟੀਮ ਹੈਡ ਟੂ ਹੈਡ ਰਿਕਾਰਡ ਵਿੱਚ ਆਰਸੀਬੀ ਉੱਤੇ ਭਾਰੀ ਹੈ।