ਨਿਊਜ਼ੀਲੈਂਡ ਛੱਡਣ ਵਾਲਿਆਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਲੋਕਾਂ ਦਾ ਨਿਊਜ਼ੀਲੈਂਡ ਨਾਲੋਂ ਕਿੰਨਾ ਮੋਹ ਭੰਗ ਹੋਇਆ ਹੈ ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਵੱਲੋਂ ਐਨਜੈਕ ਡੇਅ 2023 ਤੋਂ ਕੀਵੀਆਂ ਲਈ ਖੋਲੇ ਗਏ ਪੱਕੀ ਰਿਹਾਇਸ਼ ਦੇ ਰਾਹ ਤੋਂ ਬਾਅਦ ਹੁਣ ਤੱਕ 36721 ਦੇਸ਼ ਵਾਸੀ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰ ਚੁੱਕੇ ਹਨ। ਇਸ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਆਉਂਦੇ ਮਹੀਨਿਆਂ ‘ਚ ਹਜ਼ਾਰਾਂ ਹੋਰ ਕੀਵੀ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰਨਗੇ। ਉੱਥੇ ਹੀ ਸਟੇਟਸ ਐਨ ਜੈਡ ਦੇ ਅੰਕੜਿਆਂ ਅਨੁਸਾਰ ਇਸ ਸਾਲ ਤੋਂ ਅਗਸਤ ਤੱਕ 134,000 ਨਿਊਜੀਲੈਂਡ ਵਾਸੀਆਂ ਨੇ ਨਿਊਜੀਲੈਂਡ ਛੱਡਿਆ ਹੈ ਜੋ ਕਿ ਇਸਤੋਂ ਪਹਿਲਾਂ ਦੇ ਸਾਲ ਦੇ ਰਿਕਾਰਡਤੋੜ ਆਂਕੜੇ 115,000 ਤੋਂ ਵੀ 19,000 ਜਿਆਦਾ ਹੋ ਚੁੱਕਾ ਹੈ ਅਤੇ ਅਜੇ ਸਾਲ ਦੇ ਬਾਕੀ ਮਹੀਨਿਆਂ ਦੇ ਆਂਕੜੇ ਬਕਾਇਆ ਹਨ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਵੱਧਦੀ ਮਹਿੰਗਾਈ, ਕੰਮ ਦੀ ਘਾਟ ਤੇ ਘੱਟ ਤਨਖਾਹ ਲੋਕਾਂ ‘ਤੇ ਕਾਫੀ ਪ੍ਰਭਾਵ ਪਾ ਰਹੇ ਹਨ।