ਕ੍ਰਿਸਟੋਫਰ ਲਕਸਨ PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਦਿੱਤੇ ਗਏ ਭਰੋਸੇ ਦੀ ਪ੍ਰੀਖਿਆ ਲਈ ਦਿੱਲੀ ਤੋਂ ਵਾਪਿਸ ਆ ਗਏ ਹਨ, ਕੀ ਉਹ ਨਿਊਜ਼ੀਲੈਂਡ ਵਿੱਚ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਭਾਰਤ ਸਰਕਾਰ ਦਾ ਸਮਰਥਨ ਕਰਨਗੇ, ਜਾਂ ਉਹ ਨਿਊਜ਼ੀਲੈਂਡ ਵਾਸੀਆਂ ਦੀ ਬੋਲਣ ਦੀ ਆਜ਼ਾਦੀ ਦੀ ਰੱਖਿਆ ਲਈ ਕੰਮ ਕਰਨਗੇ? ਇਹ ਕਹਿਣਾ ਹੈ ਆਕਲੈਂਡ ਦੀ ਡਾਕਟਰ ਸਪਨਾ ਸਾਮੰਤ, ਜੋ ਕਿ ਗ੍ਰੀਨ ਪਾਰਟੀ ਦੀ ਸਾਬਕਾ ਉਮੀਦਵਾਰ ਹੈ। ਦਰਅਸਲ ਉਨ੍ਹਾਂ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਦਾ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਵੀਜ਼ਾ ਰੱਦ ਕਰ ਰਹੇ ਹਨ। ਉਨ੍ਹਾਂ ਨੂੰ ਵੀਜ਼ਾ ਰੱਦ ਕਰਨ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਪਿਛਲੇ ਮਹੀਨੇ ਤੱਕ ਦਾ ਸਮਾਂ ਦਿੱਤਾ ਗਿਆ ਸੀ।
ਸਪਨਾ ਸਮੰਤ ਭਾਰਤ ਸਰਕਾਰ ਦੀ ਆਲੋਚਕ ਰਹੀ ਹੈ ਅਤੇ ਪੈਸਿਫ਼ਿਕ ਮੁਲਕਾਂ ਵਿੱਚ ਇਹ ਪਹਿਲਾ ਮਾਮਲਾ ਹੈ ਜਿੱਥੇ ਕਿਸੇ ਵਿਅਕਤੀ ਦਾ ਵੀਜ਼ਾ ਰੱਦ ਕੀਤਾ ਗਿਆ ਹੋਵੇ। ਸਪਨਾ ਸਮੰਤ ਮੁੰਬਈ ਤੋਂ ਨਿਊਜ਼ੀਲੈਂਡ 2001 ਵਿੱਚ ਆਈ ਸੀ। ਹਾਲਾਂਕਿ 2022 ਵਿੱਚ ਹੀ ਉਨ੍ਹਾਂ ਦਾ ਇਹ ਵੀਜ਼ਾ ਰੀਨਿਊ ਹੋਇਆ ਸੀ, ਪਰ ਉਨ੍ਹਾਂ ਦਾ ਮੰਨਣਾ ਹੈ ਸਰਕਾਰ ਦੀ ਨੀਤੀ ਦੀ ਆਲੋਚਨਾ ਕਰਨਾ ਉਨ੍ਹਾਂ ਨੂੰ ਮਹਿੰਗੀ ਪਈ ਹੈ। ਉੱਥੇ ਹੀ ਗ੍ਰੀਨ ਪਾਰਟੀ ਦੇ ਆਗੂ ਰਿਕਾਰਡੋ ਮੈਨੇਂਡੇਜ਼ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮਾਮਲਿਆਂ ਦੀ ਵਿਭਾਗ (MFAT) ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਾਂ ਵੀਜ਼ਾ ਨੀਤੀ ਵਿੱਚ ਦਖਲ ਨਹੀਂ ਦੇ ਸਕਦੀ।