ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸ਼ਨੀਵਾਰ ਨੂੰ ਮਾਊਂਟ ਮੌਂਗਾਨੁਈ ਵਿਖੇ ਨਿਊਜ਼ੀਲੈਂਡ ਦੇ ਖਿਲਾਫ ਤੀਜੇ ਵਨਡੇ ਦੌਰਾਨ ਅਫਗਾਨਿਸਤਾਨ ਦੇ ਦਰਸ਼ਕਾਂ ਦੇ ਇੱਕ ਸਮੂਹ ਦੁਆਰਾ ਪਾਕਿਸਤਾਨੀ ਖਿਡਾਰੀਆਂ ‘ਤੇ ਕੀਤੀਆਂ ਅਣਉਚਿਤ ਟਿੱਪਣੀਆਂ ਦੀ ਸਖਤ ਨਿੰਦਾ ਕੀਤੀ ਹੈ। ਪਾਕਿਸਤਾਨੀ ਟੀਮ ਦੀ ਸ਼ਿਕਾਇਤ ਤੋਂ ਬਾਅਦ ਅਫਗਾਨ ਮੂਲ ਦੇ ਦੋ ਦਰਸ਼ਕਾਂ ਨੂੰ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਪਾਕਿਸਤਾਨ ਇਹ ਮੈਚ 43 ਦੌੜਾਂ ਨਾਲ ਹਾਰ ਗਿਆ ਅਤੇ ਉਸ ਨੂੰ ਵਨਡੇ ਸੀਰੀਜ਼ ‘ਚ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਹੈ। ਪੀਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਜਦੋਂ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ ਗਏ ਤਾਂ ਕ੍ਰਿਕਟਰ ਖੁਸ਼ਦਿਲ ਸ਼ਾਹ ਨੇ ਦਖਲ ਦਿੱਤਾ ਅਤੇ ਦਰਸ਼ਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਜਵਾਬ ਵਿੱਚ ਅਫਗਾਨ ਦਰਸ਼ਕਾਂ ਨੇ ਪਸ਼ਤੋ ਵਿੱਚ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ, ਜਿਸ ਨਾਲ ਸਥਿਤੀ ਵਿਗੜ ਗਈ। ਪਿਛਲੇ ਸਮੇਂ ਵਿੱਚ ਵੀ ਵੱਖ-ਵੱਖ ਮੈਦਾਨਾਂ ਵਿੱਚ ਪਾਕਿਸਤਾਨੀ ਅਤੇ ਅਫਗਾਨ ਦਰਸ਼ਕਾਂ ਵਿਚਾਲੇ ਝੜਪਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਦੱਸ ਦੇਈਏ ਕਿ ਜਦੋਂ ਤੀਜੇ ਵਨਡੇ ਵਿੱਚ ਪਾਕਿਸਤਾਨ ਦੀ ਹਾਰ ਹੋਈ ਤਾਂ ਪਾਕਿਸਤਾਨੀ ਖਿਡਾਰੀ ਮੈਦਾਨ ਛੱਡ ਕੇ ਜਾ ਰਹੇ ਸਨ, ਜਦੋਂ ਇੱਕ ਦਰਸ਼ਕ ਨੇ ਪਾਕਿਸਤਾਨੀ ਖਿਡਾਰੀਆਂ ‘ਤੇ ਨਿੱਜੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਖੁਸ਼ਦਿਲ ਸ਼ਾਹ ਪ੍ਰਸ਼ੰਸਕਾਂ ਦੀ ਇਸ ਹਰਕਤ ਤੋਂ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੂੰ ਜਵਾਬ ਦੇਣ ਲਈ ਉਸ ਪ੍ਰਸ਼ੰਸਕ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਸਟੇਡੀਅਮ ‘ਚ ਮੌਜੂਦ ਸੁਰੱਖਿਆ ਕਰਮੀਆਂ ਅਤੇ ਸਾਥੀ ਖਿਡਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਗੁੱਸੇ ‘ਚ ਆ ਗਿਆ। ਸੁਰੱਖਿਆ ਕਰਮੀਆਂ ਵੱਲੋਂ ਰੋਕੇ ਜਾਣ ਦੇ ਬਾਵਜੂਦ ਖੁਸ਼ਦਿਲ ਨਾ ਰੁਕਿਆ ਅਤੇ ਉਸ ਦਰਸ਼ਕ ਵੱਲ ਭੱਜਣ ਲੱਗਾ। ਖੁਸ਼ਦਿਲ ਨੂੰ ਉਸ ਦੇ ਇਸ ਐਕਸ਼ਨ ਲਈ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ। ਪਾਕਿਸਤਾਨੀ ਖਿਡਾਰੀ ਨੂੰ ਤਿੰਨ ਡੀਮੈਰਿਟ ਅੰਕ ਵੀ ਮਿਲੇ ਹਨ। ,
ਦੂਜੇ ਪਾਸੇ ਨਿਊਜ਼ੀਲੈਂਡ ਕ੍ਰਿਕੇਟ ਨੇ ESPNcricinfo ਨੂੰ ਦਿੱਤੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਖੁਸ਼ਦਿਲ ਨਾਲ ਝਗੜੇ ਤੋਂ ਬਾਅਦ ਦੋ ਦਰਸ਼ਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ, “ਖੇਡ ਦੀ ਸਮਾਪਤੀ ਤੋਂ ਬਾਅਦ ਵਾਪਰੀ ਘਟਨਾ ਵਿੱਚ ਪਸ਼ਤੋ ਮੰਨੀ ਜਾਂਦੀ ਵਿਦੇਸ਼ੀ ਭਾਸ਼ਾ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਸ਼ਾਮਿਲ ਹੈ ਅਤੇ ਖੁਸ਼ਦਿਲ ਦੀ ਗੁੱਸੇ ਵਾਲੀ ਪ੍ਰਤੀਕ੍ਰਿਆ ਦਾ ਕਾਰਨ ਬਣੀ ਹੈ।”