ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਭਾਰੀ ਹੜ੍ਹ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਰਹੇ ਹਨ। ਇਸ ਵਿਚਕਾਰ ਖਾਲਸਾ ਏਡ ਮਦਦ ਲਈ ਉਤਰ ਆਈ ਹੈ। ਕੈਨੇਡਾ ਦੇ ਹੋਪ ਵਿੱਚ ਫਸੇ ਸੈਂਕੜੇ ਟਰੱਕਰਾਂ ਨੂੰ ਗਰਮ ਭੋਜਨ ਪਹੁੰਚਾਉਣ ਦੇ ਲਈ ਖਾਲਸਾ ਏਡ ਨੇ ਮੋਰਚਾ ਸਾਂਭ ਲਿਆ ਹੈ। ਖਾਲਸਾ ਏਡ ਵੱਲੋਂ ਸਥਾਨਕ ਗੁਰਦੁਆਰਿਆਂ ਦੇ ਨਾਲ ਮਿਲ ਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਦੱਸ ਦੇਈਏ ਕਿ ਦੁਨੀਆ ਵਿੱਚ ਜਿੱਥੇ ਕਿਤੇ ਵੀ ਕਦੇ ਕੋਈ ਆਫ਼ਤ ਆਉਂਦੀ ਹੈ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਕੈਨੇਡਾ ਦੇ ਬੀਸੀ ‘ਚ ਆਈ ਇਸ ਕੁਦਰਤੀ ਆਫ਼ਤ ਦੌਰਾਨ ਖਾਲਸਾ ਏਡ ਕੈਨੇਡਾ ਦੇ ਵਲੰਟੀਅਰਾਂ ਨੇ ਹੋਪ ਵਿੱਚ ਲੱਗਭਗ 300 ਟਰੱਕਾਂ ਲਈ ਭੋਜਨ ਪਹੁੰਚਿਆ ਹੈ।
ਉੱਥੇ ਹੀ ਕੈਨੇਡਾ ਦੇ ਕਈ ਗੁਰੂਘਰਾਂ ਨੇ ਵੀ ਪੀੜਤਾਂ ਦੀ ਸਹਾਇਤਾ ਲਈ ਮਦਦ ਦਾ ਹੱਥ ਵਧਾਉਂਦਿਆ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਖਾਲਸਾ ਦਰਬਾਰ ਸਾਹਿਬ ਤੋਂ ਵੀ ਹਰ ਘੰਟੇ 300 ਤੋਂ ਵੱਧ ਲੋਕਾਂ ਦਾ ਲੰਗਰ ਬਣਾ ਕੇ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਕੋਰੋਨਾ ਕਾਲ ਦੌਰਾਨ ਵੀ ਇਹ ਸੂਬਾ ਕਾਫੀ ਪ੍ਰਭਾਵਿਤ ਹੋਇਆ ਸੀ।
ਜਿ਼ਕਰਯੋਗ ਹੈ ਕਿ ਢਿੱਗਾਂ ਡਿੱਗਣ, ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਹਾਈਵੇਅਜ਼ ਬੰਦ ਹੋ ਗਏ ਤੇ ਲੋਅਰ ਮੇਨਲੈਂਡ ਬਾਕੀ ਦੇ ਪ੍ਰੋਵਿੰਸ ਨਾਲੋਂ ਕੱਟਿਆ ਗਿਆ। ਇਸ ਤੋਂ ਬਾਅਦ ਤੋਂ ਹੀ ਅਗਾਸੀਜ਼ ਦੇ ਪੱਛਮ ਵੱਲ ਲੌਹੀਡ ਹਾਈਵੇਅ (ਹਾਈਵੇਅ 7) ਨੂੰ ਜ਼ਰੂਰੀ ਟਰੈਵਲ ਲਈ ਤੇ ਰਿਚਮੰਡ ਵਿੱਚ ਹਾਈਵੇਅ 99 ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਟਰਾਂਸਪੋਰਟੇਸ਼ਨ ਮੰਤਰੀ ਰੌਬ ਫਲੇਮਿੰਗ ਨੇ ਆਖਿਆ ਕਿ ਇਹ ਉਨ੍ਹਾਂ ਲੋਕਾਂ ਲਈ ਖੋਲ੍ਹਿਆ ਗਿਆ ਹੈ ਜਿਨ੍ਹਾਂ ਨੂੰ ਆਪਣੇ ਪਸ਼ੂਆਂ ਨੂੰ, ਆਪਣੇ ਹੋਰ ਜ਼ਰੂਰੀ ਸਾਜ਼ੋ ਸਮਾਨ ਨੂੰ ਲਿਜਾਣਾ ਹੈ।