ਆਇਰਲੈਂਡ ਕ੍ਰਿਕਟ ਦੇ ਮਹਾਨ ਆਲਰਾਊਂਡਰਾਂ ਵਿੱਚੋਂ ਇੱਕ ਕੇਵਿਨ ਓ ਬ੍ਰਾਇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੇਵਿਨ ਨੇ ਪਿਛਲੇ ਸਾਲ ਵਨਡੇ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਨਡੇ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਸਮੇਂ ਕੇਵਿਨ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਦਾ ਪੂਰਾ ਧਿਆਨ ਟੀ-20 ਅਤੇ ਟੈਸਟ ਕ੍ਰਿਕਟ ‘ਤੇ ਹੋਵੇਗਾ। ਪਰ ਹੁਣ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੇਵਿਨ ਦੇ 16 ਸਾਲਾਂ ਦੇ ਲੰਬੇ ਕ੍ਰਿਕਟ ਕਰੀਅਰ ਵਿੱਚ ਆਇਰਲੈਂਡ ਨੇ ਬਹੁਤ ਕੁੱਝ ਹਾਸਿਲ ਕੀਤਾ ਹੈ। ਆਇਰਲੈਂਡ ਕ੍ਰਿਕਟ ਵਿੱਚ ਉਨ੍ਹਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ।
ਕੇਵਿਨ ਓ’ਬ੍ਰਾਇਨ ਨੇ ਆਪਣੇ ਕ੍ਰਿਕਟ ਕਰੀਅਰ ‘ਚ ਕਈ ਇਤਿਹਾਸਕ ਪਾਰੀਆਂ ਖੇਡੀਆਂ ਹਨ। ਕੇਵਿਨ ਨੇ 2011 ਦੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ ਬੈਂਗਲੁਰੂ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ 50 ਗੇਂਦਾਂ ‘ਚ ਸੈਂਕੜਾ ਲਗਾਇਆ ਸੀ। ਇਸ ਦੇ ਨਾਲ ਹੀ ਕੇਵਿਨ ਨੇ ਇਸ ਮੈਚ ਵਿੱਚ 63 ਗੇਂਦਾਂ ਵਿੱਚ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਕੇਵਿਨ ਦੇ ਇਸ ਸੈਂਕੜੇ ਦੀ ਬਦੌਲਤ ਆਇਰਲੈਂਡ ਨੇ ਇੰਗਲੈਂਡ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ।
ਆਇਰਲੈਂਡ ਦੇ ਇਸ ਸ਼ਾਨਦਾਰ ਆਲਰਾਊਂਡਰ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਕੇਵਿਨ ਨੇ ਆਇਰਲੈਂਡ ਲਈ 152 ਵਨਡੇ ਅਤੇ 109 ਟੀ-20 ਅਤੇ 3 ਟੈਸਟ ਮੈਚ ਖੇਡੇ ਹਨ। ਵਨਡੇ ‘ਚ ਉਸ ਨੇ 2 ਸੈਂਕੜਿਆਂ ਦੀ ਮਦਦ ਨਾਲ 3619 ਦੌੜਾਂ ਬਣਾਈਆਂ ਹਨ। ਕੇਵਿਨ ਨੇ ਟੀ-20 ‘ਚ 1973 ਦੌੜਾਂ ਅਤੇ ਟੈਸਟ ‘ਚ ਸਿਰਫ 3 ਮੈਚਾਂ ‘ਚ 258 ਦੌੜਾਂ ਬਣਾਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੇਵਿਨ ਓਬ੍ਰਾਇਨ ਨੇ ਵੀ ਟੀ-20 ਵਿੱਚ ਆਇਰਲੈਂਡ ਲਈ ਸੈਂਕੜਾ ਲਗਾਇਆ ਹੈ। ਉਹ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਪੂਰੇ ਕ੍ਰਿਕਟ ਜਗਤ ਵਿੱਚ ਜਾਣਿਆ ਜਾਂਦਾ ਹੈ।