ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ ਸੀ। ਇਸ ਦੌਰਾਨ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਗਾਰੰਟੀ ਦਿੰਦੇ ਹਨ ਕਿ ਹਰ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਸੂਬੇ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਮਿਲਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ‘ਚ ਬਿਜਲੀ ਬਣਨ ਦੇ ਬਾਵਜੂਦ ਮਹਿੰਗੀ ਹੈ ਜਦਕਿ ਦਿੱਲੀ ‘ਚ ਬਿਜਲੀ ਨਾ ਬਣਨ ਦੇ ਬਾਵਜੂਦ ਰੇਟ ਘੱਟ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 200 ਯੂਨਿਟ ਮੁਫਤ ਬਿਜਲੀ ਮਿਲਦੀ ਹੈ ਪਰ ਪੰਜਾਬ ਵਿੱਚ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਹਰ ਵਰਗ ਦੇ ਲੋਕ ਬਿਜਲੀ ਦੇ ਬਿੱਲਾਂ ਤੋਂ ਪ੍ਰੇਸ਼ਾਨ ਹਨ, ਕਿਉਂਕ ਇੱਕ ਪੱਖੇ ਅਤੇ ਦੋ ਬੱਲਬਾਂ ਨਾਲ ਹੀ ਵੱਡਾ ਬਿੱਲ ਆ ਰਿਹਾ ਹੈ ਤਾਂ ਔਰਤਾਂ ਘਰ ਕਿਵੇਂ ਚਲਾਉਣ ? ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਅਜਿਹਾ ਹੀ ਮਾਹੌਲ ਸੀ ਤੇ ਲੋਕ ਬਿਜਲੀ ਬਿੱਲ ਤੋਂ ਪ੍ਰੇਸ਼ਾਨ ਸਨ। ਪਰ ਅਸੀਂ ਦਿੱਲੀ ਵਿੱਚ ਸਸਤੀ ਬਿਜਲੀ ਲੈ ਆਏ ਤਾਂ ਪੰਜਾਬ ਵਿੱਚ ਵੀ ਲਿਆਵਾਂਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਵੱਡੇ-ਵੱਡੇ ਬਿੱਲ ਆਉਂਦੇ ਹਨ ਤੇ ਉਨ੍ਹਾਂ ਨੂੰ ਪੈਸੇ ਦੇ ਕੇ ਉਹ ਠੀਕ ਕਰਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਲੋਕਾਂ ਦੇ ਪੈਂਡਿੰਗ ਤੇ ਪੁਰਾਣੇ ਬਿੱਲ ਮਾਫ ਕੀਤੇ ਜਾਣਗੇ।
ਇਸ ਮੌਕੇ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਦੇ ਤਿੰਨ ਐਲਾਨ – 1. ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਮਿਲੇਗੀ। 77 ਤੋਂ 80 ਫੀਸਦੀ ਲੋਕਾਂ ਦੇ ਬਿਜਲੀ ਦਾ ਬਿੱਲ ਸਿਫਰ ਹੋ ਜਾਏਗਾ। ਬਿਜਲੀ ਆਵੇਗੀ ਪਰ ਬਿਜਲੀ ਦਾ ਬਿੱਲ ਨਹੀਂ ਆਏਗਾ। 2 .ਉਨ੍ਹਾਂ ਕਿਹਾ ਕਿ ਘਰੇਲੂ ਬਿਜਲੀ ਦਾ ਬਕਾਇਆ ਮੁਆਫ ਹੋਵੇਗਾ ਤੇ ਕਨੈਕਸ਼ਨ ਬਹਾਲ ਹੋਵੇਗਾ। 3. ਇਸ ਦੇ ਨਾਲ ਹੀ ਉਨ੍ਹਾਂ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ।