ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਇੱਕ ਵਾਰ ਫਿਰ ਪੰਜਾਬ ਪਹੁੰਚੇ ਹਨ। ਕੇਜਰੀਵਾਲ ਦੇ ਇਸ ਦੌਰੇ ਦੌਰਾਨ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡਾ ਧਮਾਕਾ ਹੋਣ ਦੇ ਕਿਆਸ ਲਗਾਏ ਜਾਂ ਰਹੇ ਹਨ। ਦਰਅਸਲ ਕੇਜਰੀਵਾਲ ਵੀਰਵਾਰ ਨੂੰ ਸੇਵਾ ਸਿੰਘ ਸੇਖਵਾਂ ਨੂੰ ਮਿਲਣ ਉਨ੍ਹਾਂ ਦੇ ਜੱਦੀ ਘਰ ਜਾਣਗੇ। ਸੇਖਵਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਲਈ ਇਹ ਮੀਟਿੰਗ ਅਹਿਮ ਹੋ ਸਕਦੀ ਹੈ। ਇਸ ਮੁਲਾਕਾਤ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ਨੂੰ ਸਮਝਣ ਵਾਲੇ ਪੁਰਾਣੇ ਨੇਤਾਵਾਂ ਨਾਲ ਚੋਣਾਂ ਲੜਨਾ ਚਾਹੁੰਦੀ ਹੈ ਅਤੇ ਇਸੇ ਕੜੀ ਵਿੱਚ ਅਰਵਿੰਦ ਕੇਜਰੀਵਾਲ ਖੁਦ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੇ ਨਾਲ ਹੀ ਕੇਜਰੀਵਾਲ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾ ਕੇ ਬੈਠੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਮਿਲ ਸਕਦੇ ਹਨ। ਸੇਵਾ ਸਿੰਘ ਸੇਖਵਾਂ ਮਾਝੇ ਦੇ ਸੀਨੀਅਰ ਆਗੂ ਹਨ। ਉਹ ਪੰਜਾਬ ਵਿੱਚ ਅਕਾਲੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।
ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਇਹ ਵੀ ਮੰਨਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਕੁੱਝ ਮੱਤਭੇਦ ਵੀ ਚੱਲ ਰਿਹਾ ਹੈ। ਖਾਸ ਕਰਕੇ ਪਾਰਟੀ ਦੇ ਪੰਜਾਬ ਮੁਖੀ ਭਗਵੰਤ ਮਾਨ ਪਾਰਟੀ ਤੋਂ ਸੀਐਮ ਚਿਹਰਾ ਨਾ ਐਲਾਨੇ ਜਾਣ ਤੋਂ ਨਾਰਾਜ਼ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਜਾ ਰਹੇ ਹਨ। ਇਸ ਦੌਰਾਨ ਕੇਜਰੀਵਾਲ ਭਗਵੰਤ ਮਾਨ ਨਾਲ ਵੀ ਗੱਲਬਾਤ ਕਰਨਗੇ। ਭਗਵੰਤ ਮਾਨ ਚਾਹੁੰਦੇ ਹਨ ਕਿ ਪਾਰਟੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ। ਪਰ ਅਰਵਿੰਦ ਕੇਜਰੀਵਾਲ ਇਸ ਲਈ ਤਿਆਰ ਨਹੀਂ ਹਨ। ਇਸ ਕਾਰਨ ਭਗਵੰਤ ਮਾਨ ਨੇ ਆਪਣੇ ਆਪ ਨੂੰ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਕਰ ਲਿਆ ਹੈ। ਪਰ ਵੀਰਵਾਰ ਨੂੰ ਭਗਵੰਤ ਮਾਨ ਵੀ ਅੰਮ੍ਰਿਤਸਰ ਏਅਰਪੋਰਟ ‘ਤੇ ਮੌਜੂਦ ਸਨ।