ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਅੰਤਿਮ ਨਤੀਜੇ ਆ ਗਏ ਹਨ। ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਭਾਜਪਾ ਦੂਜੇ ਨੰਬਰ ‘ਤੇ ਹੈ। ਕਾਂਗਰਸ 8 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਤੀਜੇ ਸਥਾਨ ’ਤੇ ਰਹੀ। ‘ਆਪ’ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਪਹਿਲੀ ਵਾਰ ਹਿੱਸਾ ਲਿਆ ਸੀ। ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਜਿੱਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਪਾਰਟੀ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਲਿਖਿਆ, “ਚੰਡੀਗੜ੍ਹ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦੀ ਇਹ ਜਿੱਤ ਪੰਜਾਬ ‘ਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ।ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰਦੇ ਹੋਏ ‘ਆਪ’ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਆਪ ਦੇ ਸਾਰੇ ਜੇਤੂ ਉਮੀਦਵਾਰਾਂ ਅਤੇ ਸਾਰੇ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ। ਇਸ ਵਾਰ ਪੰਜਾਬ ਬਦਲਾਅ ਲਈ ਤਿਆਰ ਹੈ।”
ਦੱਸ ਦੇਈਏ ਕਿ ‘ਆਪ’ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਪਹਿਲੀ ਵਾਰ ਹਿੱਸਾ ਲਿਆ ਸੀ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚ 24 ਦਸੰਬਰ ਨੂੰ ਵੋਟਾਂ ਪਈਆਂ ਸਨ। ਇਨ੍ਹਾਂ ਵਾਰਡਾਂ ਵਿੱਚ ਕੁੱਲ 203 ਉਮੀਦਵਾਰਾਂ ਨੇ ਚੋਣ ਲੜੀ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਹਾਸਿਲ ਕੀਤੀ ਹੈ। ਹਾਲਾਂਕਿ ਕਿਸੇ ਵੀ ਪਾਰਟੀ ਨੂੰ ਸਪਸ਼ਟ ਬੁਹਮਤ ਨਹੀਂ ਮਿਲਿਆ ਹੈ, ਹੁਣ ਮੇਅਰ ਕਿਸ ਪਾਰਟੀ ਦਾ ਬਣੇਗਾ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ।