ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਗੁਜਰਾਤ ਚੋਣਾਂ ਨਾ ਲੜਨ ਦੀ ਪੇਸ਼ਕਸ਼ ਕੀਤੀ ਸੀ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਕਿਹਾ ਕਿ ਗੁਜਰਾਤ ਚੋਣਾਂ ਨਾ ਲੜੋ, ਅਸੀਂ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਛੱਡ ਦੇਵਾਂਗੇ। ਕੇਜਰੀਵਾਲ ਨੇ ਸੀਬੀਆਈ ‘ਤੇ ਦੋਸ਼ ਲਗਾਇਆ ਹੈ ਕਿ ਏਜੰਸੀ ਨੇ ਵੀ ਵਾਰ-ਵਾਰ ਸਿਸੋਦੀਆ ਨੂੰ ਕਿਹਾ ਹੈ ਕਿ ਜੇਕਰ ਤੁਸੀਂ ਕੇਜਰੀਵਾਲ ਨੂੰ ਛੱਡ ਦਿੰਦੇ ਹੋ ਤਾਂ ਉਹ ਦਿੱਲੀ ਦਾ ਸੀਐੱਮ ਬਣਾ ਦੇਣਗੇ।
ਕੇਜਰੀਵਾਲ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਭਾਜਪਾ ਅਤੇ ਸੀਬੀਆਈ ‘ਤੇ ਇਹ ਦੋਸ਼ ਲਾਏ ਹਨ। ਜਦੋਂ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਭਾਜਪਾ ਵੱਲੋਂ ਇਹ ਆਫਰ ਕਿਸ ਨੇ ਦਿੱਤਾ ਸੀ? ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਕਿਸੇ ਦਾ ਨਾਂ ਕਿਵੇਂ ਲੈ ਸਕਦਾ ਹਾਂ, ਕਿਉਂਕਿ ਭਾਜਪਾ ਹਮੇਸ਼ਾ ਦੂਜਿਆਂ ਰਾਹੀਂ ਸੰਪਰਕ ਕਰਦੀ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੈਨ ਨੂੰ ਭਾਵੇਂ ਹੋਰ 3 ਮਹੀਨੇ ਜੇਲ੍ਹ ਵਿੱਚ ਰੱਖੋ, ਪਰ ਅਸੀਂ ਟੁੱਟਣ ਵਾਲੇ ਨਹੀਂ ਹਾਂ। ਅਸੀਂ ਲੜਨ ਵਾਲੇ ਹਾਂ। ਭਾਜਪਾ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਜੱਜ ਜੈਨ ਨੂੰ ਜ਼ਮਾਨਤ ਦਿੰਦਾ ਹੈ ਤਾਂ ਭਾਜਪਾ ਉਸ ਨੂੰ ਬਦਲ ਦਿੰਦੀ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਕੁਝ ਨਹੀਂ ਕੀਤਾ। ਵਿਕਾਸ ਦੇ ਸਾਰੇ ਦਾਅਵੇ ਹਵਾ ਵਿੱਚ ਹਨ।