ਸ਼ੁੱਕਰਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਛਾਪੇਮਾਰੀ ਨੂੰ ਲੈ ਕੇ ਸੀਐਮ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਚੰਨੀ ਖੁਦ ਇਸ ਵਾਰ ਚੋਣ ਹਾਰਨ ਜਾ ਰਹੇ ਹਨ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਨਿਊਜ਼ ਸਾਂਝੀ ਕਰਦਿਆਂ ਸੀਐਮ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਖ਼ਬਰ ਵਿੱਚ ਦੱਸਿਆ ਗਿਆ ਕਿ ਈਡੀ ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਬਰਾਮਦ ਹੋਇਆ ਹੈ। ਇਸ ਖਬਰ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਲਿਖਿਆ, “ਸਾਡਾ ਸਰਵੇਖਣ ਦਿਖਾ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਟੀਵੀ ‘ਤੇ ED ਅਫਸਰਾਂ ਨੂੰ ਇੰਨੇ ਮੋਟੇ ਨੋਟਾਂ ਦੇ ਬੰਡਲ ਗਿਣਦੇ ਦੇਖ ਕੇ ਲੋਕ ਹੈਰਾਨ ਹਨ।”
ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਉਦੋਂ ਤੋਂ ਹੀ ਚਰਨਜੀਤ ਸਿੰਘ ਚੰਨੀ ਬਨਾਮ ਭਗਵੰਤ ਮਾਨ ਦੀ ਬਹਿਸ ਵੀ ਸ਼ੁਰੂ ਹੋ ਗਈ ਸੀ। ਦੱਸ ਦੇਈਏ ਕਿ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਕਈ ਸਰਵੇਖਣਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉਭਰ ਸਕਦੀ ਹੈ। ਇਨ੍ਹਾਂ ਸਰਵੇਖਣਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਜਾ ਰਹੀ ਹੈ।